ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਵਲੋਂ ਹਿੰਦੂਆਂ ਦੇ ਪ੍ਰਸਿੱਧ ਧਾਰਮਿਕ ਤੀਰਥ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਸਮੇਤ ਹੋਰਨਾਂ ਮੰਦਿਰਾਂ ‘ਚ ਮੱਥਾ ਟੇਕਣ ਪੁੱਜਣ ‘ਤੇ ਕਰੜਾ ਨੋਟਿਸ ਲੈਂਦੀਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦਾ ਅਧਾਰ ਬਚਾਉਣ ਲਈ ਹਿੰਦੂ ਮੰਦਿਰਾਂ ਵਿੱਚ ਆਪਣਾ ਨੱਕ ਰਗੜ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਨਾ ਤਾਂ ਪਿੰਡਾਂ ਤੋਂ ਵੋਟਾਂ ਮਿਲਣਗੀਆਂ ਅਤੇ ਨਾ ਹੀ ਸ਼ਹਿਰਾਂ ਤੋਂ, ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਆਪਣੀ ਰਾਜਨੀਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਧਾਰ ਬਣਾ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕੀਤੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਧਰਨੇ-ਪ੍ਰਦਰਸ਼ਨਾਂ ਅਤੇ ਰੋਜ਼ਾਨਾ ਦੇ ਬੰਦਾਂ ਤੋਂ ਸਮਾਜ ਦਾ ਹਰ ਵਰਗ ਪਰੇਸ਼ਾਨ ਹੈ ਅਤੇ ਇਸ ਨਾਲ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਇਹੀ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਉਹਨਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਕਦੇ ਹਿੰਦੂ ਮੰਦਿਰਾਂ ਵੱਲ ਮੂੰਹ ਨਹੀਂ ਕਰਦੀਆਂ ਸਨ, ਅੱਜ ਉਹਨਾਂ ਨੂੰ ਮੰਦਿਰ ਯਾਦ ਆ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਸੂਬੇ ਦੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਨਿਸ਼ਾਨਾ ਬਣਾ ਕੇ ਸਿਆਸੀ ਚਾਲਾਂ ਖੇਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਰਾਜਨੀਤੀ ਦਾ ਪਹੀਆ ਹਿੰਦੂ ਵੋਟ ਬੈਂਕ 'ਤੇ ਆ ਟਿਕਿਆ ਹੈI ਜਿਸਦੇ ਲਈ ਹੁਣ ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦਾਅ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਹਮੇਸ਼ਾ ਹਿੰਦੂ ਮੰਦਿਰਾਂ ਅਤੇ ਦੇਵੀ-ਦੇਵਤਿਆਂ ਨੂੰ ਨਜ਼ਰਅੰਦਾਜ਼ ਕਰਦੀਆਂ ਆਈਆਂ ਹਨ, ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਸੁਖਬੀਰ ਬਾਦਲ, ਨਵਜੋਤ ਸਿੱਧੂ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਮੰਦਿਰਾਂ ਵਿੱਚ ਨੱਕ ਰਗੜਣ ਪੁੱਜ ਰਹੇ ਹਨ।
ਇਹ ਵੀ ਪੜ੍ਹੋ:ਅਸ਼ਰਫ ਤੋਂ ਪੁੱਛਗਿਛ ਕਰਨਗੇ ਪੁਲਿਸ ਕਮਿਸ਼ਨਰ, ਜੰਮੂ ਧਮਾਕਿਆਂ ‘ਚ ਵੀ ਮਿਲੀ ਭੂਮਿਕਾ