ਚੰਡੀਗੜ੍ਹ:ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵਿਧਾਨਸਭਾ ਵਿੱਚ ਆਪਣਾ ਪਲੇਠਾ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਬਜਟ ਨੂੰ ਜਨਤਾ ਦਾ ਬਜਟ ਕਿਹਾ ਜਾ ਰਿਹਾ ਹੈ। ਵਿੱਤ ਮੰਤਰੀ ਵੱਲੋਂ ਦਾਅਦਾ ਕੀਤਾ ਜਾ ਰਿਹਾ ਹੈ ਬਜਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਲੋਕਾਂ ਦੀ ਰਾਇ ਲਈ ਗਈ ਸੀ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਉਨ੍ਹਾਂ ਵੱਲੋਂ ਰਾਇ ਲਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਰਾਇ ਮੁਤਾਬਕ ਬਜਟ ਨੂੰ ਬਣਾਇਆ ਗਿਆ ਹੈ।
ਬਜਟ ’ਤੇ ਵਿਰੋਧੀਆਂ ਦੇ ਸਵਾਲ: ਸਰਕਾਰ ਦੇ ਇਸ ਬਜਟ ਨੂੰ ਲੈਕੇ ਸਿਆਸਤ ਵੀ ਭਖਦੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਪੇਸ਼ ਕੀਤੇ ਉੱਪਰ ਸਵਾਲ ਚੁੱਕੇ ਗਏ ਹਨ। ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੱਲੋਂ ਮਾਨ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਨੂੰ ਨਵਾਂ ਬਜਟ ਪਾਸ ਕਰਨ ਦੀ ਕੋਈ ਲੋੜ ਨਹੀਂ ਸੀ ਬਲਕਿ ਪੁਰਾਣੇ ਬਜਟ ਨੂੰ ਸਪੀਕਰ ਕੋਲ ਭੇਜ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਲਾਰਿਆਂ ਬਾਰੇ ਬਹੁਤ ਜਲਦੀ ਹੀ ਲੋਕਾਂ ਨੂੰ ਸਮਝ ਆ ਗਈ ਹੈ ਕਿ ਇਹ ਲਾਰਿਆਂ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਸਾਰੇ ਕਾਮੇਡੀਅਨ ਇਕੱਠੇ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਸਾਬਕਾ ਡਿਪਟੀ ਸੀਐਮ ਨੇ ਘੇਰੀ ਸਰਕਾਰ: ਇਸ ਦੌਰਾਨ ਰੰਧਾਵਾ ਨੇ ਜ਼ਿਮਨੀ ਚੋਣ ਵਿੱਚ ਆਪ ਦੀ ਹੋਈ ਹਾਰ ਨੂੰ ਲੈਕੇ ਵੀ ਰੰਧਾਵਾ ਨੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਸਰਕਾਰ ਦੀ ਹਾਰ ਹੋਣੀ ਵੱਡੀ ਗੱਲ ਹੈ। ਰੰਧਾਵਾ ਨੇ ਕਿਹਾ ਕਿ ਸੀਐਮ ਆਪਣੇ ਜ਼ਿਲ੍ਹੇ ਵਿੱਚ ਹਾਰ ਗਿਆ ਹੈ ਅਤੇ ਜਿਸਨੇ ਬਜਟ ਪੇਸ਼ ਕੀਤਾ ਹੈ ਉਹ 9 ਹਜ਼ਾਰ ਵੋਟਾਂ ’ਤੇ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ 2 ਸਾਲਾਂ ਬਾਅਦ ਵੀ ਜ਼ਿਮਨੀ ਚੋਣ ਹੋਈ ਸੀ ਅਤੇ ਉਸ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ।
ਪ੍ਰਤਾਪ ਬਾਜਵਾ ਦੇ ਬਜਟ 'ਤੇ ਸਵਾਲ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਨੂੰ ਲੈਕੇ ਭਗਵੰਤ ਮਾਨ ਸਰਕਾਰ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਸਰਕਾਰ ਦੀਆਂ ਗਾਰੰਟੀਆਂ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਦੇ ਰਹੀ ਸੀ ਪਰ ਸਰਕਾਰ ਦੇ ਬਜਟ ਵਿੱਚ ਅਜਿਹਾ ਕੁਝ ਵੀ ਦਿਖਾੀਈ ਨਹੀਂ ਦਿੱਤਾ। ਉਨ੍ਹਾਂ ਸਰਕਾਰ ਤੇ ਤੰਜ਼ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਜੇਬ ਵਿੱਚ ਹੱਥ ਪਾਓਗੇ ਤਾਂ ਦੋਵੇਂ ਹੀ ਜੇਬਾਂ ਖਾਲੀ ਹੀ ਵਿਖਾਈ ਦੇਣਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਲਈ ਬਜਟ ਵਿੱਚ ਕੁਝ ਵੀ ਖਾਸ ਨਹੀਂ ਸੀ।
ਬਿਜਲੀ ਮੁਫਤ ਦੇਣ 'ਤੇ ਸਵਾਲ: ਇਸ ਦੇ ਨਾਲ ਹੀ ਉਨ੍ਹਾਂ ਮੁਫਤ ਬਿਜਲੀ ਦੇਣ ਦੇ ਮੁੱਦੇ ਤੇ ਵੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਜ਼ਰੂਰ ਕਹਿ ਰਹੀ ਹੈ ਕਿ ਬਿਜਲੀ ਇੱਕ ਜੁਲਾਈ ਤੋਂ ਮੁਫਤ ਦਿੱਤੀ ਜਾਵੇਗੀ ਪਰ ਇਹ ਨਹੀਂ ਦੱਸਿਆ ਕਿ ਉਸ ਤੇ ਕਿੰਨ੍ਹਾਂ ਖਰਚ ਆਵੇਗਾ ਅਤੇ ਉਸ ਲਈ ਪੈਸਾ ਕਿੱਥੋਂ ਆਵੇਗਾ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਨਹੀਂ ਦੱਸਿਆ ਕਿ ਉਸਦੇ ਲਾਭਪਾਤਰੀ ਕਿੰਨ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਆਟਾ ਦਾਲ ਸਕੀਮ ਸਬੰਧੀ ਲਾਭਪਾਤਰੀਆਂ ਬਾਰੇ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ ਦਾ ਬਿਜਲੀ ਮੁਫਤ ਦੇਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।