ਪੰਜਾਬ

punjab

By

Published : Jul 25, 2019, 11:52 AM IST

ETV Bharat / city

ਮਾਨਸੂਨ ਇਜਲਾਸ: 'ਸੈਸ਼ਨ ਦਾ ਸਮਾਂ ਵਧਾ ਦਿਓ ਪਰ ਸਾਡਾ ਆਉਣ ਦਾ ਨਹੀਂ ਪਤਾ'

ਪੰਜਾਬ ਕੈਬਿਨੇਟ ਨੇ 2 ਅਗਸਤ ਤੋਂ 6 ਤੱਕ ਮਾਨਸੂਨ ਇਜਲਾਸ ਬਲਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨੂੰ ਵਧਾਉਣ ਦੀ ਮੰਗ ਵਿਰੋਧੀਆਂ ਨੇ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਆਪ ਵਫ਼ਦ ਨੇ ਸਪੀਕਰ ਨੂੰ ਸੈਸ਼ਨ ਦਾ ਸਮਾਂ ਵਧਾਉਣ ਲਈ ਮੰਗ ਪੱਤਰ ਦਿੱਤਾ ਹੈ।

ਫ਼ੋਟੋ।

ਚੰਡੀਗੜ੍ਹ: ਪੰਜਾਬ ਕੈਬਿਨੇਟ ਨੇ ਮਾਨਸੂਨ ਇਜਲਾਸ 2 ਅਗਸਤ ਤੋਂ 6 ਅਗਸਤ ਤੱਕ ਰੱਖਣ ਦਾ ਐਲਾਨ ਕੀਤਾ ਹੈ ਪਰ ਇਨ੍ਹਾਂ ਦਿਨਾਂ ਵਿਚ ਦੋ ਛੁੱਟੀਆਂ ਪੈਂਦੀਆਂ ਹਨ ਅਤੇ ਪਹਿਲਾ ਦਿਨ ਸ਼ਰਧਾਂਜ਼ਲੀਆਂ ਲਈ ਰਾਂਖਵਾਂ ਹੁੰਦਾ ਹੈ। ਇਸ ਦਾ ਅਰਥ ਹੈ ਕਿ ਅਸਲੀਅਤ ਵਿਚ ਇਹ ਇਜਲਾਸ ਸਿਰਫ਼ ਦੋ ਦਿਨ ਦਾ ਹੀ ਹੈ। ਇਸ ਲਈ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਨੇ ਇਜਲਾਸ 20 ਦਿਨਾਂ ਤੱਕ ਵਧਾਏ ਜਾਣ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਦੇ ਆਗੂਆਂ ਨੇ ਸੱਤਾ 'ਤੇ ਕਾਬਜ਼ ਧਿਰ ਵੱਲੋਂ ਐਲਾਨੇ ਗਏ 2 ਦਿਨਾਂ ਦੇ ਛੋਟੇ ਸੈਸ਼ਨ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਲੋਕ ਮੁੱਦਿਆਂ ਤੋਂ ਭੱਜ ਰਹੀ ਹੈ ਅਤੇ ਲੋਕਤੰਤਰ ਦਾ ਗਲ਼ਾ ਘੁੱਟ ਰਹੀ ਹੈ। 'ਆਪ' ਦੇ ਵਫ਼ਦ ਨੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਪੰਜਾਬ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨ ਲਈ ਇਜਲਾਸ 20 ਦਿਨਾਂ ਦਾ ਕਰਨ ਦੀ ਮੰਗ ਕੀਤੀ ਹੈ।

ਇਸ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਪੀਕਰ ਨੂੰ ਕਿਹਾ ਕਿ ਇਜਲਾਸ ਘੱਟੋ ਘੱਟ ਤਿੰਨ ਹਫ਼ਤਿਆ ਦਾ ਕੀਤਾ ਜਾਵੇ ਤਾਂ ਜੋ ਕਿਸਾਨ ਖ਼ੁਦਕੁਸ਼ੀਆਂ, ਪੜ੍ਹੇ ਲਿਖੇ ਨੌਜਵਾਨਾਂ ਵੱਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ, ਬਿਜਲੀ ਦਰਾਂ 'ਚ ਹੋਏ ਲੱਕ ਤੋੜ ਵਾਧੇ, ਨੀਲੇ ਕਾਰਡਾਂ 'ਤੇ ਲੀਕ ਫੇਰ ਕੇ ਗਰੀਬਾਂ ਅਤੇ ਦਲਿਤਾਂ ਵਿਰੁੱਧ ਕੀਤੇ ਵਿਤਕਰੇ ਅਤੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਜਾਰੀ ਕਰਨਾ ਆਦਿ ਭਖ਼ਦੇ ਮਸਲਿਆਂ 'ਤੇ ਵਿਸਥਾਰ ਵਿਚ ਚਰਚਾ ਕੀਤੀ ਜਾ ਸਕੇ।

ਜ਼ਿਕਰ ਕਰ ਦਈਏ ਕਿ ਪਿਛਲੇ ਇਜਲਾਸ ਦੌਰਾਨ ਵੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ ਪਰ ਅਕਾਲੀਆਂ ਨੇ ਖ਼ੁਦ ਹੀ ਸੈਸ਼ਨ ਦਾ ਬਾਈਕਾਟ ਕਰ ਦਿੱਤਾ ਸੀ ਅਤੇ ਸੈਸ਼ਨ ਵਧਾਉਣ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਆਪ ਦੇ ਅੱਧੇ ਵਿਧਾਇਕ ਗ਼ੈਰ-ਹਾਜ਼ਰ ਰਹੇ ਸੀ।

ਹੁਣ ਇਹ ਤਾਂ ਸੈਸ਼ਨ ਦੌਰਾਨ ਹੀ ਪਤਾ ਲੱਗੇਗਾ ਕਿ ਸਹੀ ਵਿੱਚ ਇਹ ਪਾਰਟੀਆਂ ਸੈਸ਼ਨ ਵਧਾ ਕੇ ਹਿੱਸਾ ਲੈਣ ਦੀ ਇੱਛੁਕ ਹਨ ਜਾਂ ਫਿਰ ਹਰ ਵਾਰ ਦੀ ਤਰ੍ਹਾਂ 2 ਦਿਨ ਸੁਰਖ਼ੀਆਂ ਵਿੱਚ ਬਣੇ ਰਹਿਣ ਲਈ ਇਹ ਬਿਆਨਬਾਜ਼ੀ ਕੀਤੀ ਜਾਂਦੀ ਹੈ।

ABOUT THE AUTHOR

...view details