ਚੰਡੀਗੜ੍ਹ: 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੇਸ਼ ਕੀਤੇ ਚੋਣ ਮੈਨੀਫੈਸਟੋ 'ਚ ਵਾਅਦਿਆਂ ਨੂੰ ਹੂ-ਬ-ਹੂ ਲਾਗੂ ਨਾ ਕਰਨ ਕਰ ਕੇ ਅਤੇ ਗੁਟਕਾ ਸਾਹਿਬ ਦੀ ਸਹੁੰ ਖਾਣ ਨੂੰ ਲੈ ਕੇ ਵਿਰੋਧੀ ਜਿਥੇ ਕੈਪਟਨ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਦੇ ਤੇ ਗੁਟਕਾ ਸਾਹਿਬ ਦੀ ਸਹੁੰ ਖਾਣ ਨੂੰ ਇੱਕ ਬੇਅਦਬੀ ਗਰਦਾਨਦੇ ਹਨ। ਇਸ ਸਭ ਦੇ ਵਿਚਾਲੇ ਹੁਣ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਨੇ ਇੱਕ ਨਵਾਂ ਬਖੇੜਾ ਖੜ੍ਹਾ ਕਰ ਲਿਆ ਹੈ।
ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਮਿਸ਼ਨ-2022 ਨੂੰ ਮੁੱਖ ਰੱਖਦਿਆਂ ਕਾਂਗਰਸੀ ਵਿਧਾਇਕਾਂ ਤੋਂ ਫੀਡ ਬੈਂਕ ਲਈ ਜਾ ਰਹੀ ਹੈ। ਵਿਧਾਇਕ ਜੋਗਿੰਦਰਪਾਲ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਮਿਲੇ ਤੇ ਫੀਡ ਬੈਂਕ ਦਿੱਤੀ। ਜਦੋਂ ਉਹ ਆਪਣੀ ਫੀਡ ਬੈਂਕ ਦੇ ਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ।
ਵਿਧਾਇਕ ਜੋਗਿੰਦਰਪਾਲ ਬਿਆਨ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਪੱਤਰਕਾਰਾਂ ਵੱਲੋਂ ਜਦੋਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦਿਆਂ ਪੂਰਾ ਕਰਨ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਤਰਕ ਦਿੱਤਾ ਕਿ ਜੇਕਰ ਕੋਈ ਬੰਦਾ ਫੈਕਟਰੀ ਲਾਉਂਦੈ ਤਾਂ ਉਹ ਚਾਹੁੰਦਾ ਕਿ ਉਹ ਕਿਸੇ ਸਾਬਕਾ ਫੌਜੀ ਨੂੰ ਕੰਮ 'ਤੇ ਰੱਖੇ। ਮੁੱਖ ਮੰਤਰੀ ਤਾਂ ਫਿਰ ਵੀ ਫੌਜ ਵਿੱਚੋਂ ਕੈਪਟਨ ਰਿਟਾਇਰਡ ਹੋਏ ਹਨ। ਉਨ੍ਹਾਂ ਜੋ ਵਾਅਦਾ ਕੀਤਾ ਉਹ ਪੂਰਾ ਕਰ ਦਿੱਤਾ, ਬਾਕੀ ਦੁਨੀਆ ਨੂੰ ਬਾਬਾ ਨਾਨਕ ਵੀ ਨਹੀਂ ਖ਼ੁਸ਼ ਕਰ ਸਕਿਆ, ਭਗਤ ਰਵਿਦਾਸ ਜੀ ਵੀ ਖ਼ੁਸ਼ ਨਹੀਂ ਕਰ ਸਕੇ ਅਤੇ ਭਗਵਾਨ ਰਾਮ ਨੇ ਅਵਤਾਰ ਲਿਆ ਦੁਨੀਆ ਤਾਂ ਉਹ ਵੀ ਖ਼ੁਸ਼ ਨਹੀਂ ਕਰ ਸਕੇ।
ਵਿਧਾਇਕ ਦੇ ਇਸ ਤਰਕ ਨੂੰ ਵਿਰੋਧੀ ਕੈਪਟਨ ਦੀ ਸਿੱਖ ਗੁਰੂਆਂ, ਭਗਤਾਂ ਅਤੇ ਭਗਵਾਨ ਰਾਮ ਨਾਲ ਕੀਤੀ ਤੁਲਨਾ ਮੰਨਦੇ ਹਨ ਜੋ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜੋਗਿੰਦਰਪਾਲ ਸਿੰਘ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ।