ਚੰਡੀਗੜ੍ਹ: ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਕੀਤੀ ਗਈ ਹੈ ਜਿਸ ਕਾਰਨ ਵਿਦਿਅਕ ਅਦਾਰੇ ਵੀ ਬੰਦ ਕੀਤੇ ਗਏ ਹਨ। ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਸ ਦੇ ਲਈ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਰੇਹੜੀ ਫੜ੍ਹੀ, ਰਿਕਸ਼ਾ ਚਾਲਕ ਤੇ ਮਾਲੀ ਦਾ ਕੰਮਕਾਰ ਠੱਪ ਹੈ ਜਿਸ ਕਾਰਨ ਉਨ੍ਹਾਂ ਦੇ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਲਈ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣਾ ਇਕ ਚੁਣੌਤੀ ਬਣ ਚੁੱਕਿਆ ਹੈ। ਕੰਮਕਾਜ ਠੱਪ ਹੋਣ ਕਾਰਨ ਇਹ ਮਾਪੇ ਆਪਣੇ ਬੱਚਿਆਂ ਦੇ ਮੋਬਾਇਲ ਤੱਕ ਰਿਚਾਰਜ ਨਹੀਂ ਕਰਵਾ ਸਕਦੇ।
ਇਨ੍ਹਾਂ ਬੱਚਿਆਂ ਲਈ ਸੋਸ਼ਲ ਸਬਸਟੈਂਸ ਨਾਂ ਦੀ ਸੰਸਥਾ ਮਸੀਹਾ ਬਣ ਕੇ ਆਈ ਹੈ ਜੋ ਬੱਚਿਆਂ ਨੂੰ ਮੋਬਾਈਲ ਡਾਟਾ ਉਪਲੱਬਧ ਕਰਵਾ ਕੇ ਦੇ ਰਹੀ ਹੈ। ਇਸ ਬਾਬਤ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰ ਅਰੁਣ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਡੋਨਰਾਂ ਦੀ ਭਾਲ ਕਰਕੇ ਅਜਿਹੇ ਗਰੀਬ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਦੇ ਲਈ ਡਾਟਾ ਰੀਚਾਰਜ ਕਰਵਾਏ ਗਏ ਹਨ ਤਾਂ ਜੋ ਇਨ੍ਹਾਂ ਦਾ ਭਵਿੱਖ ਤੇ ਪੜ੍ਹਾਈ ਖਰਾਬ ਨਾ ਹੋ ਸਕੇ।
ਇਸ ਦੌਰਾਨ ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਦੇ ਲਈ ਮੋਬਾਈਲ ਰਿਚਾਰਜ ਸਣੇ ਕਿਤਾਬਾਂ ਅਤੇ ਪੈਨਸਿਲ ਤੱਕ ਸਮਾਜ ਸੇਵਕਾਂ ਵੱਲੋਂ ਦਿੱਤੇ ਗਏ ਹਨ।
ਉੱਥੇ ਹੀ ਚੰਡੀਗੜ੍ਹ ਦੇ ਧਨਾਸ ਵਿੱਚ ਸਥਿਤ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਉਹ 2000 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਕਰਵਾ ਰਹੇ ਹਨ ਜਿਨ੍ਹਾਂ ਵਿੱਚ ਤੀਸਰੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹਨ। ਜਿਹੜੇ ਗਰੀਬ ਬੱਚਿਆਂ ਦੇ ਮੋਬਾਇਲ ਡਾਟਾ ਰਿਚਾਰਜ ਕਰਵਾ ਕੇ ਦਿੱਤੇ ਗਏ ਹਨ ਉਨ੍ਹਾਂ ਦੀ ਨਿਗਰਾਨੀ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਜੋ ਉਹ ਡਾਟਾ ਦੀ ਦੁਰਵਰਤੋਂ ਨਾ ਕਰ ਸਕਣ।