ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਸੂਬੇ ਬਿਹਾਰ ਪਰਤ ਗਏ ਮਜ਼ਦੂਰ ਇੱਕ ਵਾਰ ਫ਼ਿਰ ਤੋਂ ਕੰਮ ਦੀ ਤਲਾਸ਼ ਅਤੇ ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਪੰਜਾਬ ਵਾਪਸ ਆਉਣ ਲੱਗੇ ਹਨ। ਪ੍ਰਵਾਸੀ ਮਜ਼ਦੂਰਾਂ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਵਾਗਤ ਕੀਤਾ ਅਤੇ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਮੰਤਰੀ ਅਰੋੜਾ ਨੇ ਕਿਹਾ ਕਿ ਪ੍ਰਵਾਸੀ ਕਾਮੇ ਸਾਡੀ ਆਰਥਿਕ ਸਥਿਰਤਾ ਦੇ ਮਜ਼ਬੂਤ ਥੰਮ੍ਹ ਹਨ। ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਲਈ ਯੋਗਦਾਨ ਪਾਇਆ ਹੈ ਜੋ ਕਿ ਉਨ੍ਹਾਂ ਦਾ ਆਪਣਾ ਰਾਜ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਅਤੇ ਜਦੋਂ ਮਜ਼ਦੂਰ ਕਾਮੇ ਆਪਣੇ ਜੱਦੀ ਸੂਬੇ ਜਾਣਾ ਚਾਹੁੰਦੇ ਸਨ, ਤਾਂ ਸੂਬਾ ਸਰਕਾਰ ਨੇ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਖਾਣ-ਪੀਣ ਵਿਵਸਥਾ ਵੀ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿ ਕੋਰੋਨਾ ਮਹਾਂਮਾਰੀ ਦਾ ਖਤਰਾ ਕੁੱਝ ਘਟਿਆ ਹੈ ਅਤੇ ਤਾਲਾਬੰਦੀ ਹਟਾਈ ਜਾ ਚੁੱਕੀ ਹੈ, ਤਾਂ ਮਜ਼ਦੂਰ ਕਾਮੇ ਇਕ ਵਾਰ ਫ਼ਿਰ ਤੋਂ ਕੰਮ ਦੀ ਤਲਾਸ਼ ਵਿੱਚ ਪੰਜਾਬ ਵਾਪਸ ਆਉਣ ਲੱਗੇ ਹਨ। ਉਨ੍ਹਾਂ ਮਜ਼ਦੂਰ ਕਾਮਿਆਂ ਦਾ ਪੰਜਾਬ ਪਹੁੰਚਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਹੋਰ ਵੀ ਮਜ਼ਦੂਰ ਕਾਮੇ ਜੋ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਦਾ ਵੀ ਸਵਾਗਤ ਕੀਤਾ ਜਾਵੇਗਾ ਅਤੇ ਇੱਥੇ ਲਿਆਉਣ ਦਾ ਪ੍ਰਬੰਧ ਅਤੇ ਕੰਮ ਦੀ ਵਿਵਸਥਾ ਵੀ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਪ੍ਰਵਾਸੀ ਕਾਮਿਆਂ ਦੀ ਵਾਪਸੀ 'ਤੇ ਅਸੀਂ ਉਨ੍ਹਾਂ ਦਾ ਢੁੱਕਵਾਂ ਡਾਕਟਰੀ ਚੈਕਅੱਪ ਯਕੀਨੀ ਬਣਾ ਰਹੇ ਹਾਂ।
ਉਦਯੋਗ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਚੰਗੀ ਖ਼ਬਰ ਹੈ ਕਿ ਮਜ਼ਦੂਰ ਕਾਮੇ ਪਰਤਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਨ੍ਹਾਂ ਨੂੰ ਇਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਹਾਰ ਤੋਂ ਆਏ ਇਨ੍ਹਾਂ ਮਜ਼ਦੂਰ ਕਾਮਿਆਂ ਦੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰ ਕਾਮਿਆਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਗਿਆ ਹੈ ਕਿ ਕੰਮ ਕਰਦੇ ਸਮੇਂ ਸਮਾਜਿਕ ਦੂਰੀ ਦਾ ਪਾਲਣਾ ਕਰਨ ਅਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਅਰੋੜਾ ਨੇ ਮਜ਼ਦੂਰ ਕਾਮਿਆਂ ਨੂੰ ਵਿਸ਼ਵਾਸ਼ ਦੁਆਇਆ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਵੇ ਤਾਂ ਉਹ ਬੇਝਿਜਕ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸੂਬੇ 'ਚ ਮਜ਼ਦੂਰਾਂ ਤੋਂ ਬਿਨ੍ਹਾਂ ਬਹੁਤ ਸਾਰੇ ਕੰਮ ਪ੍ਰਭਾਵਿਤ ਹੋਏ ਹਨ ਅਤੇ ਉਦਯੋਗ ਜੋ ਕਿ ਮਜ਼ਦੂਰ 'ਤੇ ਹੀ ਨਿਰਭਰ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਜ਼ਦੂਰ ਕਾਮਿਆਂ ਦੇ ਪੁਨਰਵਾਸ ਲਈ ਯਤਨਸ਼ੀਲ ਅਤੇ ਹੈ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਭਲਾਈ ਨੂੰ ਵੀ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਜ਼ਦੂਰ ਕਾਮਿਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧ ਅਤੇ ਆਵਾਜਾਈ ਦੀ ਸੁਵਿਧਾ ਵੀ ਸਰਕਾਰ ਵਲੋਂ ਕੀਤੀ ਜਾਵੇਗੀ।