ਚੰਡੀਗੜ੍ਹ: ਓਮੀਕ੍ਰੋਨ ਅਤੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਡਰ ਦੇਸ਼ ਵਿਚ ਹਰ ਪਾਸੇ ਦੇਖਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕ ਅਜੇ ਵੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪੰਜਾਬ ਵਿੱਚ ਇਸ ਸੰਬੰਧੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਉਹ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ।
ਪਿਛਲੇ ਸਾਲ ਯਾਨੀ 2021 ਦੇ ਆਖਰੀ ਦਿਨਾਂ ਦੀ ਗੱਲ ਕਰੀਏ ਅਤੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਦੀ ਵਿਗੜਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇੱਕ ਪਾਸੇ ਜਿੱਥੇ 27 ਦਸੰਬਰ ਨੂੰ ਸੂਬੇ ਵਿੱਚ 46 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ 31 ਦਸੰਬਰ ਨੂੰ ਇੱਥੇ ਇਹ ਅੰਕੜਾ 221 ਹੋ ਗਿਆ ਸੀ। ਯਾਨੀ ਅੰਕੜੇ ਹਰ ਦਿਨ ਦੁੱਗਣੇ ਹੋ ਰਹੇ ਹਨ। ਇਸ ਦੇ ਮੱਦੇਨਜ਼ਰ ਸੂਬੇ ਵਿੱਚ ਤੀਜੀ ਲਹਿਰ ਦਾ ਡਰ ਲੋਕਾਂ ਨੂੰ ਸਤਾਉਣ ਲੱਗਾ ਹੈ।
ਇੱਥੇ ਸੂਬੇ 'ਚ ਚੋਣ ਮਾਹੌਲ ਵਿਚਕਾਰ ਸਾਰੀਆਂ ਸਿਆਸੀ ਪਾਰਟੀਆਂ ਚੋਣ ਰੈਲੀ 'ਚ ਜੁੱਟ ਗਈਆਂ ਹਨ। ਇਨ੍ਹਾਂ ਸਾਰੀਆਂ ਰੈਲੀਆਂ 'ਚ ਕੋਈ ਵੀ ਕੋਰੋਨਾ ਸੰਬੰਧੀ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਨਜ਼ਰ ਨਹੀਂ ਆ ਰਿਹਾ।
ਕੀ ਆਗੂ, ਕੀ ਵਰਕਰ, ਕੀ ਆਮ ਜਨਤਾ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਨਜ਼ਰ ਆ ਰਹੇ ਹਨ। ਹਰ ਕਿਸੇ ਦੇ ਮਨ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਚੋਣ ਰੈਲੀਆਂ ਪੰਜਾਬ ਵਿੱਚ ਵੱਡਾ ਖ਼ਤਰਾ ਪੈਦਾ ਕਰ ਦੇਣ।
ਪਰ ਸਾਰਿਆਂ ਵਿਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਬਾ ਸਰਕਾਰ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ ਹੈ। ਕੋਰੋਨਾ ਨੂੰ ਲੈ ਕੇ ਕੋਈ ਸਮੀਖਿਆ ਮੀਟਿੰਗ ਨਹੀਂ ਕੀਤੀ ਜਾ ਰਹੀ ਹੈ। ਜਿਵੇਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹੋਇਆ ਸੀ। ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਚੋਣ ਮੂਡ 'ਚ ਨਜ਼ਰ ਆ ਰਹੇ ਹਨ ਅਤੇ ਜ਼ਮੀਨੀ ਪੱਧਰ 'ਤੇ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ।
ਇੱਥੇ ਸਰਕਾਰ ਅਜੇ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਟੈਸਟਿੰਗ ਨਹੀਂ ਕਰ ਰਹੀ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਜ਼ਿਆਦਾਤਰ ਮਾਮਲੇ ਅਜੇ ਵੀ ਉਨ੍ਹਾਂ ਜ਼ਿਲ੍ਹਿਆਂ ਵਿੱਚ ਦਿਖਾਈ ਦੇ ਰਹੇ ਹਨ, ਜਿੱਥੇ ਟੈਸਟਿੰਗ ਹੋ ਰਹੀ ਹੈ। ਪਰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਟੈਸਟਿੰਗ ਨਹੀਂ ਹੋ ਰਹੀ ਹੈ। ਜਿਸ ਕਾਰਨ ਜ਼ਮੀਨੀ ਪੱਧਰ 'ਤੇ ਕੀ ਹੋ ਰਿਹਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ।
ਕਿਹੜੇ ਜ਼ਿਲ੍ਹਿਆਂ ਵਿੱਚ ਨਹੀਂ ਹੋਏ ਟੈਸਟ
ਪਿਛਲੇ ਦਿਨ ਦੀ ਗੱਲ ਕਰੀਏ ਤਾਂ ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਰੋਪੜ ਵਰਗੇ ਜ਼ਿਲ੍ਹਿਆਂ ਵਿੱਚ ਕੋਈ ਟੈਸਟ ਨਹੀਂ ਕੀਤਾ ਗਿਆ ਹੈ।
ਕੁੱਲ ਕਰੋਨਾ ਮਾਮਲੇ ਦਰਜ
ਸ਼ੁੱਕਰਵਾਰ ਨੂੰ ਪਟਿਆਲਾ ਵਿੱਚ 71 ਕੇਸ ਦਰਜ ਕੀਤੇ ਗਏ। ਜਦਕਿ ਹੋਰ ਟੈਸਟਿੰਗ ਵੀ ਹੋ ਰਹੀ ਹੈ। ਪਠਾਨਕੋਟ ਵਿੱਚ 37 ਅਤੇ ਮੋਹਾਲੀ ਵਿੱਚ 25 ਕੇਸ ਦਰਜ ਕੀਤੇ ਗਏ ਹਨ। ਲੁਧਿਆਣਾ ਵਿੱਚ 18 ਅਤੇ ਜਲੰਧਰ ਵਿੱਚ 19 ਮਾਮਲੇ ਸਾਹਮਣੇ ਆਏ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਲੁਧਿਆਣਾ ਵਿੱਚ ਟੈਸਟ ਲਈ ਵੀ ਸੈਂਪਲ ਨਹੀਂ ਲਏ ਗਏ।
ਕੋਰੋਨਾ ਦੀ ਲਗਾਤਾਰ ਵੱਧ ਰਹੀ ਰਫ਼ਤਾਰ ਨੂੰ ਦੇਖਦਿਆਂ ਸੂਬੇ ਦੀ ਸਿਆਸਤ ਵੀ ਗਰਮਾਉਣ ਲੱਗੀ ਹੈ। ਇਸ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਸੱਤਾ 'ਚ ਬੈਠੀ ਕਾਂਗਰਸ ਨੂੰ ਘੇਰ ਰਹੀਆਂ ਹਨ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ 'ਤੇ ਨਿਸ਼ਾਨਾ ਸਾਧ ਰਹੀਆਂ ਹਨ। ਉਹ ਸਰਕਾਰ 'ਤੇ ਇਸ ਮਾਮਲੇ 'ਚ ਲਾਪ੍ਰਵਾਹੀ ਦਾ ਦੋਸ਼ ਲਗਾ ਰਹੇ ਹਨ।