ਚੰਡੀਗੜ੍ਹ:ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਓਮੀਕਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸੀਐਮ ਸਿਟੀ ਕਰਨਾਲ ਵਿੱਚ ਇੱਕ ਵਿਅਕਤੀ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਹੈ। ਇਹ ਵਿਅਕਤੀ ਪੁਰਤਗਾਲ ਦੇਸ਼ ਤੋਂ ਆਇਆ ਸੀ। ਜਿਸ ਤੋਂ ਬਾਅਦ ਇਹ ਕੋਰੋਨਾ ਟੈਸਟ 'ਚ ਪਾਜ਼ੀਟਿਵ ਪਾਇਆ ਗਿਆ। ਬੁੱਧਵਾਰ ਨੂੰ ਇਸ ਵਿਅਕਤੀ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਪੁਸ਼ਟੀ ਹੋਈ ਹੈ। ਕਰਨਾਲ 'ਚ ਓਮੀਕਰੋਨ ਦਾ ਮਾਮਲਾ ਸਾਹਮਣੇ ਆਉਂਦੇ ਹੀ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਵਿਅਕਤੀ ਕੁਝ ਦਿਨ ਪਹਿਲਾਂ ਹੀ ਕਰਨਾਲ ਆਇਆ ਸੀ। ਸੰਪਰਕ ਵਿੱਚ ਆਉਣ ਨਾਲ ਵਿਅਕਤੀ ਦਾ ਪੁੱਤਰ ਵੀ ਕੋਰੋਨਾ ਸੰਕਰਮਿਤ ਹੋ ਗਿਆ ਹੈ। ਬੇਟੇ ਦਾ ਸੈਂਪਲ ਵੀ ਦਿੱਲੀ ਭੇਜ ਦਿੱਤਾ ਗਿਆ ਹੈ। ਫਿਲਹਾਲ ਵਿਅਕਤੀ ਨੂੰ ਕਲਪਨਾ ਚਾਵਲਾ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਿਵਲ ਸਰਜਨ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਓਮੀਕਰੋਨ ਨਾਲ ਸੰਕਰਮਿਤ ਪਾਏ ਗਏ ਵਿਅਕਤੀ ਨੂੰ ਡਾਕਟਰਾਂ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਅਸੀਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਲਗਾਉਣ ਅਤੇ ਸਮਾਜਿਕ ਦੂਰੀ ਦੀ ਵੀ ਪਾਲਣਾ ਕਰਨ। ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹ ਵੀ ਜਲਦੀ ਤੋਂ ਜਲਦੀ ਆਪਣਾ ਟੀਕਾ ਲਗਵਾਉਣ।
ਉੱਤਰਾਖੰਡ ਤੋਂ ਓਮੀਕਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ
ਗੱਲ ਕੀਤੀ ਜਾਵੇ ਉੱਤਰਾਖੰਡ ਦੀ ਤਾਂ ਉੱਥੋ ਵੀ ਓਮੀਕਰੋਨ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਦੇਹਰਾਦੂਨ ਦੀ ਰਹਿਣ ਵਾਲੀ ਇੱਕ ਔਰਤ ਵਿੱਚ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਉੱਤਰਾਖੰਡ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਤ੍ਰਿਪਤੀ ਬਹੁਗੁਣਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ: ਤ੍ਰਿਪਤੀ ਬਹੁਗੁਣਾ ਅਨੁਸਾਰ ਦੇਹਰਾਦੂਨ ਦੇ ਕਾਵਲੀ ਰੋਡ ਦੀ ਰਹਿਣ ਵਾਲੀ 23 ਸਾਲਾ ਲੜਕੀ 8 ਦਸੰਬਰ ਨੂੰ ਸਕਾਟਲੈਂਡ ਤੋਂ ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ ਪਹੁੰਚੀ ਸੀ। ਇਸ ਦੌਰਾਨ ਏਅਰਪੋਰਟ 'ਤੇ ਲੜਕੀ ਦਾ ਕੋਰੋਨਾ ਸੈਂਪਲ ਲਿਆ ਗਿਆ, ਜਿਸ ਵਿਚ ਲੜਕੀ ਦੀ ਆਰਟੀਪੀਸੀਆਰ ਰਿਪੋਰਟ ਨੈਗੇਟਿਵ ਆਈ ਸੀ। ਲੜਕੀ 8 ਦਸੰਬਰ ਦੀ ਸ਼ਾਮ ਨੂੰ ਆਪਣੇ ਮਾਤਾ-ਪਿਤਾ ਨਾਲ ਕਾਰ ਰਾਹੀਂ ਦੇਹਰਾਦੂਨ ਪਹੁੰਚੀ ਸੀ। 11 ਦਸੰਬਰ ਨੂੰ ਸੀਐਮਓ ਦਫ਼ਤਰ ਦੀ ਆਈਡੀਐਸਪੀ ਯੂਨਿਟ ਦੇ ਕਹਿਣ ’ਤੇ ਐਸਆਰਐਲ ਲੈਬ ਦੇ ਮੁਲਾਜ਼ਮਾਂ ਨੂੰ ਲੜਕੀ ਦੇ ਸੈਂਪਲ ਟੈਸਟ ਲਈ ਘਰ ਬੁਲਾਇਆ ਗਿਆ।