ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਹਾਸਿਲ ਕਰਨ ਤੋਂ ਬਾਅਦ ਹੀ ਪੂਰੇ ਐਕਸ਼ਨ ਮੋਡ ’ਚ ਹੈ। ਸੂਬੇ ’ਚ ਲੋਕ ਹਿੱਤ ਦੇ ਲਈ ਕਈ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ ਅਤੇ ਨਾਲ ਹੀ ਕਈ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਹੁਣ ਉਨ੍ਹਾਂ ’ਤੇ ਸੀਐੱਮ ਮਾਨ ਦੀ ਕਾਰਵਾਈ ਹੋਵੇਗੀ ਜੋ ਕਿ ਜਾਅਲੀ ਡਿਗਰੀਆਂ ਹਾਸਿਲ ਕਰ ਸਰਕਾਰੀ ਨੌਕਰੀਆਂ ਕਰ ਰਹੇ ਹਨ। ਇਸ ਸਬੰਧੀ ਸੀਐੱਮ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ ਹੈ।
ਸੀਐੱਮ ਮਾਨ ਦਾ ਐਕਸ਼ਨ: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੇਰੇ ਧਿਆਨ ਚ ਬਹੁਤ ਕੇਸ ਆਏ ਨੇ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਨੇ। ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ -ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਸੀਐੱਮ ਮਾਨ ਦੇ ਇਸ ਟਵੀਟ ਦੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੋ ਫਰਜੀ ਡਿਗਰੀਆਂ ਨਾਲ ਸਰਕਾਰੀ ਨੌਕਰੀ ਕਰ ਰਹੇ ਹਨ।
ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ:ਸੀਐੱਮ ਮਾਨ ਦੀ ਇਸ ਕਾਰਵਾਈ ਤੋਂ ਬਾਅਦ ਜਿੱਥੇ ਉਨ੍ਹਾਂ ਲੋਕਾਂ ’ਤੇ ਸ਼ਿੰਕਜਾ ਕੱਸਿਆ ਜਾਵੇਗਾ ਜੋ ਫਰਜ਼ੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਬੇਰੁਜ਼ਗਾਰਾਂ ਨੂੰ ਮੌਕਾ ਮਿਲੇਗਾ ਜੋ ਡਿਗਰੀਆਂ ਹਾਸਿਲ ਕਰ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੀਐੱਮ ਮਾਨ ਵੱਲੋਂ 25 ਹਜ਼ਾਰ ਦੇ ਕਰੀਬ ਨੌਕਰੀਆਂ ਕੱਢੀਆਂ ਸੀ।
ਵਿਧਾਨਸਭਾ ਭਰਤੀ ਘੁਟਾਲੇ ਦੀ ਜਾਂਚ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸੀਐਮ ਮਾਨ ਵੱਲੋਂ ਪੰਜਾਬ ਵਿਧਾਨਸਭਾ ਚ ਹੋੇਏ ਭਰਤੀ ਘੁਟਾਲੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸਦੀ ਜਾਂਚ ਖੁਦ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸਬੰਧੀ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ’ਚ ਉਨ੍ਹਾਂ ਨੇ ਇਲਜ਼ਾਮ ਲਗਾਏ ਸੀ ਕਿ ਕਾਂਗਰਸੀਆਂ ਵੱਲੋ ਆਪਣੇ ਰਿਸ਼ਤੇਦਾਰਾਂ ਦੀ ਭਰਤੀ ਕਰਵਾਈ ਗਈ ਸੀ।
ਇਹ ਵੀ ਪੜੋ:ਬਜਟ ਸੈਸ਼ਨ ਤੋਂ ਬਾਅਦ ਪੰਜਾਬ ਕੈਬਨਿਟ ਦਾ ਵਿਸਥਾਰ !