ਚੰਡੀਗੜ੍ਹ: ਨਵਾਂਸ਼ਹਿਰ ਦੇ ਇੱਕ ਪਿੰਡ ਨਾਲ ਸਬੰਧ ਰੱਖਦੇ 72 ਸਾਲਾ ਪਰਮਜੀਤ ਸਿੰਘ ਰਾਣਾ ਦੀ ਮਾਤਾ ਦਾ ਦੇਹਾਂਤ ਕੈਂਸਰ ਨਾਲ ਹੋਇਆ ਸੀ। ਕੈਂਸਰ ਹੋਣ ਦੇ ਕਾਰਨਾਂ ਨੂੰ ਲੱਭਣ ਲਈ ਵਿਗਿਆਨੀ ਪਰਮਜੀਤ ਰਾਣਾ ਕੈਨੇਡਾ ਵਿੱਚ ਆਪਣਾ ਕੰਮਕਾਜ ਛੱਡ ਕੇ ਵਾਪਸ ਪੰਜਾਬ ਪਰਤੇ। ਉਨ੍ਹਾਂ ਦੀ ਕੀਤੀ ਖੋਜ ਵੱਲ ਪੰਜਾਬ ਸਰਕਾਰ ਮੂੰਹ ਨਹੀਂ ਕਰ ਰਹੀਂ, ਜਦਕਿ ਵਿਦੇਸ਼ ਵਿੱਚ ਉਸ ਤਕਨੀਕ ਦੇ ਮੁਰੀਦ ਹਨ।
ਰਾਣਾ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਹਰ ਅਫ਼ਸਰ ਨੂੰ ਮਿਲ ਚੁੱਕੇ ਹਨ, ਪਰ ਕੋਈ ਵੀ ਨੇਤਾ ਤੇ ਅਫ਼ਸਰ ਪਾਣੀ ਨੂੰ ਸਾਫ ਕਰਨ ਲਈ ਵਚਨਬੱਧ ਨਹੀਂ ਹੈ। ਰਾਣਾ ਆਪਣੇ ਪਿੰਡ ਵਿੱਚ ਨਵੀਂ ਤਕਨੀਕ ਵਰਤੋਂ ਕਰ ਰਹੇ ਹਨ ਜਿਸ ਦੇ ਫਾਇਦਿਆਂ ਬਾਰੇ ਸਕੂਲ ਤੇ ਪਿੰਡ ਦੇ ਲੋਕ ਵੀ ਲਿਖ ਕੇ ਦੇ ਚੁੱਕੇ ਹਨ, ਪਰ ਸਰਕਾਰ ਕੋਈ ਕਾਰਵਾਈ ਕਰਨ ਨੂੰ ਹੀ ਤਿਆਰ ਨਹੀਂ।
ਪੰਜਾਬ ਸਣੇ ਚੰਡੀਗੜ੍ਹ ਦੇ ਪਾਣੀ ਵਿੱਚ ਕਲੋਰੀਨ ਪਾਉਣ ਨਾਲ ਕੈਂਸਰ ਦੇ ਮਰੀਜ਼ਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਅਤੇ ਪੰਜਾਬ ਵਿੱਚ ਸਰਕਾਰ ਵੱਲੋਂ ਲਗਾਏ ਗਏ ਐਸਡੀਪੀ ਨਾ ਚੱਲਣ ਕਾਰਨ ਵੀ ਕੈਂਸਰ ਵਰਗਾ ਕੋਹੜ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਗੱਲਬਾਤ ਕਰਦਿਆਂ ਪਰਮਜੀਤ ਰਾਣਾ ਨੇ ਕਈ ਖੁਲਾਸੇ ਕੀਤੇ ਅਤੇ ਕਿਹਾ ਕਿ ਸਰਕਾਰ ਦੀ ਮਨਸ਼ਾ ਕੈਂਸਰ ਨੂੰ ਖ਼ਤਮ ਕਰਨ ਦੀ ਨਹੀਂ ਹੈ। ਪਰਮਜੀਤ ਰਾਣਾ ਨੇ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਪੂਰੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਸਣੇ ਪਾਣੀ ਦੂਸ਼ਿਤ ਹੈ।