ਚੰਡੀਗੜ੍ਹ: ਹਾਈਕੋਰਟ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸੈਕਟਰ ਅਤੇ ਆਰ.ਟੀ.ਓ ਬਠਿੰਡਾ ਨੂੰ ਨੋਟਿਸ ਦੇਣ ਤੋਂ ਬਾਅਦ ਡੱਬਵਾਲੀ ਬੱਸ ਕੰਪਨੀ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਆਰਟੀਓ ਬਠਿੰਡਾ ਨੇ ਸਮਾਂ ਸਾਰਣੀ ਤਿਆਰ ਕਰਦਿਆਂ ਡੱਬਵਾਲੀ ਕੰਪਨੀ ਨੂੰ ਟੈਕਸ ਡਿਫਾਲਟਰਾਂ ਦੀ ਸੂਚੀ ਵਿੱਚ ਪਾ ਦਿੱਤਾ ਸੀ। ਇਸ ਤੋਂ ਇਲਾਵਾ ਟਾਈਮ ਟੇਬਲ ਵੀ ਨਿਯਮਾਂ ਅਨੁਸਾਰ ਠੀਕ ਨਹੀਂ ਸੀ। ਜਿਸ ਨੂੰ ਡੱਬਵਾਲੀ ਦੀ ਕੰਪਨੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਦਰਅਸਲ 18 ਨਵੰਬਰ ਨੂੰ ਆਰਟੀਏ ਬਠਿੰਡਾ ਨੇ ਬੱਸਾਂ ਦਾ ਟਾਈਮ ਟੇਬਲ ਤਿਆਰ ਕੀਤਾ ਸੀ, ਜਿਸ ਵਿੱਚ ਟਾਈਮ ਟੇਬਲ ਬਣਾਉਣ ਦੇ ਕੀਤੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ। ਟਾਈਮ ਟੇਬਲ ਨੂੰ ਲੈ ਕੇ ਮਾਪਦੰਡ ਬਣਾਏ ਗਏ ਹਨ, ਜਿਸ ਵਿੱਚ ਕੋਈ ਵੀ ਟਰਾਂਸਪੋਰਟ ਕੰਪਨੀ ਭਾਵੇਂ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਜੇਕਰ ਉਹ ਟੈਕਸ ਨਹੀਂ ਭਰਦੀ ਤਾਂ ਉਸ ਨੂੰ ਟਾਈਮ ਟੇਬਲ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਸਾਰੀਆਂ ਬੱਸਾਂ ਨੂੰ ਰੁਕਣ ਲਈ ਬਰਾਬਰ ਸਮਾਂ ਦਿੱਤਾ ਜਾਵੇ। ਜਦੋਂ ਕਿ ਬੱਸਾਂ ਦਾ ਪਰਮਿਟ ਨੰਬਰ, ਬੱਸ ਨੰਬਰ ਲਿਖਣਾ ਜ਼ਰੂਰੀ ਹੈ। ਜਿਸ ਵਿੱਚ ਉਦਾਹਰਨ ਵਜੋਂ ਦੱਸਿਆ ਗਿਆ ਕਿ ਪੀ.ਆਰ.ਟੀ.ਸੀ ਨੇ ਅਜੇ ਤੱਕ 290 ਕਰੋੜ ਦਾ ਟੈਕਸ ਅਦਾ ਨਹੀਂ ਕੀਤਾ। ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।