ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ 29 ਸਾਲ ਪੁਰਾਣੇ ਕਿਡਨੈਪਿੰਗ ਦੇ ਕੇਸ ਵਿੱਚ ਐਫਆਈਆਰ ਦਰਜ ਹੋਣ ਪਿੱਛੇ ਸਿਆਸੀ ਪ੍ਰੇਣਨਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਕਾਨੂੰਨ ਇਸ ਮਾਮਲੇ ਵਿੱਚ ਆਪਣਾ ਰਾਹ ਅਪਣਾਏਗਾ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਉਸ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਵੱਲੋਂ ਦਿੱਤੀ ਤਾਜ਼ਾ ਅਰਜ਼ੀ ਦੇ ਅਧਾਰ ਤੇ ਸਾਬਕਾ ਡੀਜੀਪੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 29 ਸਾਲ ਪਹਿਲਾਂ ਸਾਬਕਾ ਡੀਜੀਪੀ ਅਤੇ ਚੰਡੀਗੜ੍ਹ ਦੇ ਤਤਕਾਲੀ ਐੱਸਐੱਸਪੀ ਸੁਮੇਧ ਸਿੰਘ ਸੈਣੀ 'ਤੇ ਦਹਿਸ਼ਤਗਰਦੀ ਹਮਲਾ ਹੋਇਆ ਸੀ, ਜਿਸ ਵਿੱਚ ਪੰਜਾਬ ਪੁਲਿਸ ਦੇ 4 ਜਵਾਨ ਮਾਰੇ ਗਏ ਸਨ, ਜਿਸ ਤੋਂ ਬਾਅਦ 2 ਅਫ਼ਸਰਾਂ ਵੱਲੋਂ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿੱਚ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਮੁਲਤਾਨੀ ਦਾ ਕੋਈ ਪਤਾ ਨਹੀਂ ਲੱਗਿਆ।
ਹੁਣ ਤਕਰੀਬਨ 29 ਵਰ੍ਹਿਆਂ ਬੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਪਲਵਿੰਦਰ ਸਿੰਘ ਮੁਲਤਾਨੀ ਵੱਲੋਂ ਦਿੱਤੀ ਅਰਜ਼ੀ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖ਼ਿਲਾਫ਼ ਧਾਰਾ 364 ਕਤਲ ਦੇ ਲਈ ਅਗਵਾ ਕਰਨ, 201, 344, 330 ਅਤੇ 120 (B) ਦੇ ਤਹਿਤ ਮਾਮਲਾ ਦਰਜ ਕੀਤਾ ਹੈ।