ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ - ਕੈਪਟਨ
ਚੰਡੀਗੜ੍ਹ: ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਨੌਰ ਦੇ ਬੱਸ ਅੱਡੇ ਨੇੜੇ ਸਥਿਤ ਪੁਲਿਸ ਥਾਣੇ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਲਈ ਮੰਨਾ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਚੁੱਕੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਥਾਣੇ ਦੀ ਮੌਜੂਦਾ ਥਾਂ ਤੇ ਇਮਾਰਤ ਭਾਵੇਂ ਬੱਸ ਅੱਡੇ ਤੇ ਮੁੱਖ ਬਾਜ਼ਾਰ ਨੇੜੇ ਹੈ ਪਰ ਸੁਰੱਖਿਆ ਦੇ ਲਿਹਾਜ਼ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਢੁੱਕਵੀਂ ਹੈ
ਉਨ੍ਹਾਂ ਕਿਹਾ ਕਿ ਪੁਲਿਸ ਥਾਣੇ ਦੀ ਇਮਾਰਤ ਦੀ ਉਸਾਰੀ ਸਾਲ 2005 ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰ ਨੇੜੇ ਕੀਤੀ ਗਈ ਸੀ ਅਤੇ ਇਸ ਥਾਣੇ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਤਜਵੀਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੁਲਿਸ ਦੇ ਆਧੁਨਿਕੀਕਰਨ ਤਹਿਤ ਲੋੜ ਮੁਤਾਬਕ ਨਵੇਂ ਪੁਲਿਸ ਥਾਣਿਆਂ ਦਾ ਨਿਰਮਾਣ ਅਤੇ ਮੌਜੂਦਾ ਥਾਣਿਆਂ ਦੀ ਮੁਰੰਮਤ ਦਾ ਕੰਮ ਕਰ ਰਹੀ ਹੈ। ਤਾਂ ਕਿ ਪੁਲਿਸ ਵਿਭਾਗ ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਲਿਆਂਦੀ ਜਾ ਸਕੇ