ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਵੱਖ-ਵੱਖ ਸੂਬਿਆਂ 'ਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾ 'ਚ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਿਆਸੀ ਭਾਈਵਾਲਾਂ ਨੂੰ ਮਿਲੀ ਕਰਾਰੀ ਹਾਰ ਨੂੰ ਭਵਿੱਖ ਦੀਆਂ ਆਮ ਚੋਣਾਂ ਲਈ 'ਟ੍ਰੇਲਰ' ਕਰਾਰ ਦਿੱਤਾ ਹੈ, ਜੋ ਦੇਸ਼ ਦੀ ਜਨਤਾ ਨੇ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਫ਼ਤਵੇ ਦੇ ਰੂਪ 'ਚ ਦਿੱਤਾ ਹੈ।
ਇਸ ਸਬੰਧੀ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਉੱਤਰ ਤੋਂ ਦੱਖਣ ਭਾਰਤ ਤੱਕ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਬਕ ਸਿੱਖਣ ਦੀ ਨਸੀਹਤ ਦਿੱਤੀ ਹੈ। ਸੰਧਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੰਦੀ ਸਮੇਤ ਸਮੁੱਚੀ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਹਨ ਅਤੇ ਲੋਕਾਂ ਵੱਲੋਂ ਚੁਣ ਕੇ ਭੇਜੇ ਨੁਮਾਇੰਦਿਆਂ ਨੂੰ ਜਨਤਾ ਦੇ 'ਮਨ ਕੀ ਬਾਤ' ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਭਾਜਪਾ ਨੇ ਸਿਰਫ਼ ਆਪਣੇ 'ਮਨ ਕੀ ਬਾਤ' ਦੀ ਥਾਂ 'ਜਨ ਕੀ ਬਾਤ' ਸੁਣੀ ਹੁੰਦੀ ਤਾਂ ਸੱਤਾ 'ਚ ਹੁੰਦੇ ਹੋਏ ਜ਼ਿਮਨੀ ਚੋਣਾਂ 'ਚ ਐਨਾ ਬੁਰਾ ਹਸ਼ਰ ਨਾ ਹੁੰਦਾ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਜਿੱਦੀ ਅਤੇ ਤਾਨਾਸ਼ਾਹੀ ਰਵੱਈਆ ਛੱਡ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਸਮੇਤ ਉਹ ਸਾਰੇ ਫ਼ੈਸਲੇ ਵਾਪਸ ਲੈ ਲੈਣੇ ਚਾਹੀਦੇ ਹਨ, ਜੋ ਜਨਤਾ ਉੱਤੇ ਪਿਛਲੇ ਸਾਲਾਂ ਦੌਰਾਨ ਥੋਪੇ ਗਏ ਹਨ। ਸੰਧਵਾਂ ਨੇ ਕਿਹਾ ਕਿ ਬੇਕਾਬੂ ਮਹਿੰਗਾਈ, ਨੋਟ ਬੰਦੀ, ਜੀਐਸਟੀ, ਸੰਘੀ ਢਾਂਚੇ ਅਤੇ ਸੂਬਿਆਂ ਦੇ ਅਧਿਕਾਰਾਂ 'ਤੇ ਡਾਕਿਆਂ ਸਮੇਤ ਭਾਜਪਾ ਦੀ ਫ਼ਿਰਕਾਪ੍ਰਸਤ ਪਹੁੰਚ ਨੂੰ ਦੇਸ਼ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ। ਇਸ ਲਈ ਤਾਜ਼ਾ ਜ਼ਿਮਨੀ ਚੋਣਾਂ ਦੇ ਨਤੀਜੇ ਭਵਿੱਖ 'ਚ ਹੋਣ ਵਾਲੀਆਂ ਆਮ ਚੋਣਾਂ ਦੇ 'ਟ੍ਰੇਲਰ ਹਨ।