ਚੰਡੀਗੜ੍ਹ:ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਿਸੇ ਨਾਲ ਕਿਸੇ ਸਖ਼ਸ਼ੀਅਤ ਨਾਲ ਫੋਟੋਆਂ ਆਪਣੇ ਟਵੀਟਰ ’ਤੇ ਪਾ ਰਹੇ ਹਨ। ਇਸੇ ਸਿਲਸਿਲੇ ਵਿੱਚ ਹੁਣ ਉਨ੍ਹਾਂ ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ (Cricket star Harbhajan Singh)ਨਾਲ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਰਾਜਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਸਿੱਧੂ ਆਪਣੀ ਪ੍ਰਧਾਨਗੀ ਹੇਠ ਚੋਣ ਜਿੱਤਣ ਲਈ ਹਰ ਵਾਅ ਲਗਾਉਣਗੇ ਤੇ ਇਸੇ ਸਿਲਸਿਲੇ ਵਿੱਚ ਹਰਭਜਨ ਸਿੰਘ ਨੂੰ ਕਾਂਗਰਸ ਨਾਲ ਜੋੜੇ ਜਾਣ ਦੇ ਉਪਰਾਲੇ ਵਜੋਂ ਵੀ ਸਿੱਧੂ ਵੱਲੋਂ ਇਸ ਤਸਵੀਰ ਨੂੰ ਸ਼ੇਅਰ ਕਰਨ ਨੂੰ ਵੇਖਿਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਹਰਭਜਨ ਸਿੰਘ ਪੰਜਾਬ ਨਾਲ ਸਬੰਧਤ ਕੌਮਾਂਤਰੀ ਕ੍ਰਿਕੇਟਰ ਹਨ ਤੇ ਉਨ੍ਹਾਂ ਦਾ ਪੰਜਾਬ ਚੋਣਾਂ ਵਿੱਚ ਰਾਜਸੀ ਲਾਹਾ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਹਰਭਜਨ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ (BJP also tried to get join Bhajji) ਸੀ ਪਰ ਉਨ੍ਹਾਂ ਨੇ ਪਾਰਟੀ ਜੁਆਇਨ ਨਹੀਂ ਕੀਤੀ ਸੀ। ਉਸ ਵੇਲੇ ਕਿਆਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਹਰਭਜਨ ਸਿੰਘ ਨੂੰ ਲੋਕਸਭਾ ਚੋਣਾਂ ਵਿੱਚ ਉਤਾਰਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ ਸੀ।
ਹੁਣ ਨਵਜੋਤ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਤੋਂ ਠੀਕ ਪਹਿਲਾਂ ਹਰਭਜਨ ਸਿੰਘ ਨਾਲ ਫੋਟੋ ਸ਼ੇਅਰ ਕਰਨ ਦੇ ਸਿੱਧੇ ਰਾਜਸੀ ਮਾਇਨੇ ਨਿਕਲਦੇ ਹਨ ਕਿ ਜਾਂ ਉਨ੍ਹਾਂ ਨੂੰ ਚੋਣ ਲੜਾਈ ਜਾਵੇਗੀ ਤੇ ਜਾਂ ਫੇਰ ਕਾਂਗਰਸ ਹਰਭਜਨ ਸਿੰਘ ਨੂੰ ਸਟਾਰ ਪ੍ਰਚਾਰਕ ਦੇ ਤੌਰ ’ਤੇ ਉਤਾਰੇਗੀ।