ਚੰਡੀਗੜ੍ਹ:ਇੱਕ ਪਾਸੇ ਜਿੱਥੇ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਚੁੱਕਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ। ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਦੋ ਉਪ ਮੰਤਰੀ ਵੀ ਬਣਾਏ ਗਏ। ਪਰ ਹੁਣ ਨਵਜੋਤ ਸਿੰਘ ਸਿੱਧੂ ਵੱਲੋ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨੇ ਮੁੜ ਤੋਂ ਪੰਜਾਬ ਕਾਂਗਰਸ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਨਵੇਂ ਮੁੱਖ ਮੰਤਰੀ ਅਤੇ ਡਿਪਟੀ ਸੀਐੱਮਾਂ ਦੇ ਬਣਨ ਤੋਂ ਬਾਅਦ ਨਵੀਂ ਵਜਾਰਤ (Cabinet) ਬਣਾਉਣ ਸਮੇਂ ਹੀ ਉਹ ਘੜਮਸ ਦੇਖਣ ਨੂੰ ਮਿਲਿਆ ਸੀ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਪੰਜਾਬ ਦੀ ਕੈਬਨਿਟ ਦੇ ਲਈ 18 ਮੰਤਰੀਆਂ ਦੀ ਲਿਸਟ ਸੌਂਪੀ ਗਈ ਜਿਸ ਚ 8 ਪੁਰਾਣੇ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਜਦਕਿ ਇਸ ਕੈਬਨਿਟ ਚ ਪੰਜ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ।
ਰਾਣਾ ਗੁਰਜੀਤ ਸਿੰਘ ਕੈਬਨਿਟ ’ਚ ਸ਼ਾਮਲ
ਦੱਸ ਦਈਏ ਕਿ ਇਨ੍ਹਾਂ ਕੈਬਨਿਟ ਮੰਤਰੀਆਂ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਜੋ ਕਿ ਸਾਰਿਆਂ ਦੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ। ਰਾਣਾ ਗੁਰਜੀਤ ਸਿੰਘ ਦਾ ਨਵੀਂ ਵਜ਼ਾਰਤ ਚ ਸ਼ਾਮਲ ਹੋਣ ਤੋਂ ਬਾਅਦ ਇੱਕ ਨਵਾਂ ਘਮਾਸਾਣ ਛਿੜ ਗਿਆ ਅਤੇ ਰਾਣਾ ਗੁਰਜੀਤ ਖਿਲਾਫ ਆਪਣਿਆਂ ਦਾ ਮੋਰਚਾ ਖੋਲ੍ਹਿਆ ਦਿੱਤਾ ਗਿਆ। ਰਾਣਾ ਗੁਰਜੀਤ ਸਿੰਘ ਪਹਿਲਾਂ ਵੀ ਉਹ ਕੈਪਟਨ ਦੀ ਵਜਾਰਤ ਵਿੱਚ ਮੰਤਰੀ ਰਹਿ ਚੁੱਕੇ ਹਨ ਪਰ ਮਾਈਨਿੰਗ ਦੇ ਦੋਸ਼ ਲੱਗਣ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹੱਥ ਧੋਣੇ ਪਏ ਸੀ।
7 ਨੇਤਾਵਾਂ ਨੇ ਖੋਲ੍ਹਿਆ ਰਾਣਾ ਗੁਰਜੀਤ ਦੇ ਖਿਲਾਫ ਮੋਰਚਾ
ਕਾਬਿਲੇਗੌਰ ਹੈ ਕਿ ਰਾਣਾ ਗੁਰਜੀਤ ਸਿੰਘ ਦਾ ਨਾਂ ਕੈਬਨਿਟ ਚ ਆਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ 7 ਕਾਂਗਰਸੀ ਆਗੂਆਂ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ। ਇਨ੍ਹਾਂ ਆਗੂਆਂ ਵੱਲੋਂ ਰਾਣਾ ਨੂੰ ਮੰਤਰੀ ਨਾ ਬਣਾਉਣ ਦੇ ਲਈ ਕਿਹਾ ਹੈ। ਇਨ੍ਹਾਂ ਚ ਦੋਆਬਾ ਦੇ ਵਿਧਾਇਕ ਬਾਵਾ ਹੈਨਰੀ, ਨਵਤੇਜ ਚੀਮਾ, ਬਲਵਿੰਦਰ ਧਾਲੀਵਾਲ, ਰਾਜਕੁਮਾਰ ਚੱਬੇਵਾਲ,ਪਵਨ ਅਦਿੱਤਿਆ, ਸੁਖਪਾਲ ਸਿੰਘ ਖਹਿਰਾ ਦੇ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿੰਦਰ ਸਿੰਘ ਕੇਪੀ ਸ਼ਾਮਲ ਹਨ। ਇਨ੍ਹਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਸਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਦਾ ਪਾਰਟੀ ’ਤੇ ਵੀ ਅਸਰ ਪਵੇਗਾ।