ਚੰਡੀਗੜ੍ਹ: ਨਵਜੋਤ ਸਿੱਧੂ ਬਰਗਾੜੀ ਮੋਰਚਾ (Bargadi Morcha) ’ਤੇ ਬੈਠੇ ਸਿੱਖਾਂ ਦੇ ਸਮਰਥਨ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਗਏ ਤਾਂ ਉਥੇ ਉਨ੍ਹਾਂ ਨੂੰ ਲੋਕਾਂ ਦੇ ਤਿੱਖੇ ਸੁਆਲਾਂ ਦਾ ਸਾਹਮਣਾ ਕਰਨਾ ਪਿਆ। ਸਿੱਖ ਸੰਗਤ ਨੇ ਕਿਹਾ ਕਿ ਜਿਹੜਾ ਇਸ ਵੇਲੇ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਹੈ, ਉਹ ਕਹਿੰਦਾ ਸੀ ਕਿ ਜੇਕਰ ਉਸ ਨੂੰ ਇੱਕ ਘੰਟਾ ਵੀ ਮਿਲ ਜਾਏ ਤਾਂ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇ ਦੇਵੇਗਾ ਪਰ ਅੱਜ ਤਿੰਨ ਮਹੀਨੇ ਹੋ ਗਏ, ਸੱਤਾ ਹੱਥ ਵਿੱਚ ਹੈ ਪਰ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।
ਸਿੱਖ ਸੰਗਤ ਨੇ ਨਵਜੋਤ ਸਿੱਧੂ ਨੂੰ ਸੁਆਲ ਕੀਤਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵਿਧਾਇਕਾਂ ਨਾਲ ਹੀ ਮੁੱਖ ਮੰਤਰੀ ਬਣੇ ਹਨ ਤੇ ਉਹ (ਸਿੱਧੂ) ਜੇ ਚਾਹੁਣ ਤਾਂ ਸਾਰਾ ਕੁਝ ਹੋ ਸਕਦਾ ਹੈ। ਇਸ ’ਤੇ ਨਵਜੋਤ ਸਿੱਧੂ ਕੋਈ ਜਵਾਬ ਨਹੀਂ ਦੇ ਸਕੇ ਤੇ ਕਿਹਾ ਕਿ ਉਨ੍ਹਾਂ ਕੋਲ ਫੈਸਲੇ ਲੈਣ ਦੀ ਪਾਵਰ ਨਹੀਂ ਹੈ, ਉਹ ਸਿਰਫ ਪਾਰਟੀ ਦੇ ਨੁਮਾਇਂਦੇ ਹਨ ਪਰ ਇਹ ਵੀ ਕਿਹਾ ਕਿ ਚੰਨੀ ਨੂੰ ਰਾਹੁਲ ਗਾਂਧੀ ਨੇ ਸੀਐਮ ਬਣਾਇਆ ਹੈ ਤੇ ਰਾਹੁਲ ਚਾਹੁੰਦੇ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਮਿਲੇ। ਇਸ ’ਤੇ ਸਿੱਖ ਸੰਗਤ ਨੇ ਫੇਰ ਸਿਧੂ ਨੂੰ ਘੇਰ ਲਿਆ ਕਿ ਉਹ ਰਾਹੁਲ ਨੂੰ ਕਹਿਣ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ।
ਨਵਜੋਤ ਸਿੱਧੂ ਨੂੰ ਘੇਰਦਿਆਂ ਲੋਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ (Sacrilege case) ਦੇ ਦੋਸ਼ੀਆਂ ਨੂੰ ਸਜਾ ਨਹੀਂ ਦਿਵਾ ਪਾਈ ਤੇ ਹੁਣ ਫੇਰ ਇਸੇ ਮੁੱਦੇ ’ਤੇ ਸਰਕਾਰ ਬਣਾਉਣ ਦੀ ਫਿਰਾਕ ਵਿੱਚ ਹੈ ਪਰ ਅਜੇ ਤੱਕ ਪੁਰਾਣੇ ਵਾਅਦੇ ਮੁਤਾਬਕ ਕੰਮ ਨਹੀਂ ਕਰ ਸਕੀ। ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ 2015 ਵਿੱਚ ਦੋਸ਼ੀਆਂ ਨੂੰ ਸਜਾ ਦੇ ਦਿੱਤੀ ਜਾਂਦੀ ਤਾਂ ਅੱਜ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾ ਹੁੰਦੀ। ਇਸੇ ’ਤੇ ਸਿੱਧੂ ਨੇ ਕਿਹਾ ਕਿ ਜੇਕਰ ਬੇਅਦਬੀ ਦੇ ਦੋਸ਼ੀਆਂ ਨੂੰ 2015 ਵਿੱਚ ਸਜਾ ਦੇ ਦਿੱਤੀ ਜਾਂਦੀ ਤਾਂ ਲੋਕਾਂ ਵਿੱਚ ਰੋਸ ਨਾ ਹੁੰਦਾ ਤੇ ਹੋਰ ਘਟਨਾਵਾਂ ਨਾ ਹੁੰਦੀਆਂ।
ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਲੋਕਾਂ ਦਾ ਸਿਸਟਮ ’ਤੇ ਭਰੋਸਾ ਉਠ ਗਿਆ (People loose believe on system)ਹੈ ਤੇ ਇਸੇ ਕਰਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲੱਗ ਪਏ ਹਨ। ਨਵਜੋਤ ਸਿੱਧੂ ਨੇ ਆਪਣੇ ਆਪ ਨੂੰ ਗੁਰੂ ਦਾ ਰਾਖਾ ਅਤੇ ਬੇਅਦਬੀ ਤੋਂ ਦੁਖੀ ਹੋਣ ਦਾ ਪੂਰਾ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਤੇ ਆਪਣੀ ਸਾਰੀ ਜਿੰਦਗੀ ਧਰਮ ਦੀ ਰਾਹ ’ਤੇ ਸੱਚ ਦੀ ਰਾਹ ’ਤੇ ਤੁਰਦੇ ਰਹੇ। ਉਨ੍ਹਾਂ ਸਿੱਖ ਸੰਗਤ ਨੂੰ ਪੁੱਛਿਆ ਕਿ ਬੇਅਦਬੀ ਬਾਰੇ ਉਨ੍ਹਾਂ ਨੂੰ ਕਿੰਨੀ ਕੁ ਆਸ ਹੈ। ਇਸੇ ’ਤੇ ਸਿੱਖ ਸੰਗਤ ਨੇ ਸਿੱਧੂ ਨੂੰ ਪੁਰੀ ਤਰ੍ਹਾਂ ਘੇਰ ਲਿਆ ਕਿ ਜਿਸ ਪਾਰਟੀ ਦੇ ਉਹ ਪ੍ਰਧਾਨ ਹਨ, ਉਸੇ ਪਾਰਟੀ ਦੀ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਨਹੀਂ ਦਿੱਤੀ।