ਨਵੀਂ ਦਿੱਲੀ: ਖੇਤੀ ਕਾਨੂੰਨਾਂ ਦਾ ਵਿਰੋਧ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਜਮ ਕੇ ਹੋ ਰਿਹਾ ਹੈ। ਕਿਸਾਨ ਸੜਕਾਂ 'ਤੇ ਉਤਰ ਕੇ ਆਪਣੇ ਹੱਕ ਲਈ ਲੜਾਈ ਲੜ ਰਹੇ ਹਨ। ਕਿਸਾਨਾਂ ਦੇ ਇਕੱਠ ਨੂੰ ਵੇਖ ਕੇ ਬੌਖਲਾਹਟ ਵਿੱਚ ਆਈ ਸਰਕਾਰ ਹੁਣ ਤੱਕ ਕੋਈ ਫੈਸਲਾਂ ਨਹੀਂ ਕਰ ਪਾਈ ਹੈ। ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਸਾਬਕਾ ਕੈਬਿਨੇਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਰਾਹੀਂ ਕਿਸਾਨਾਂ ਵਿੱਚ ਜੋਸ਼ ਭਰਦੇ ਹੋਏ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਸਿੱਧੂ ਨੇ ਵੀਡੀਓ ਜਾਰੀ ਕਰ ਕਿਸਾਨਾਂ 'ਚ ਭਰਿਆ ਜੋਸ਼ - ਖੇਤੀ ਕਾਨੂੰਨ
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਸਾਨਾਂ ਵਿੱਚ ਜੋਸ਼ ਭਰਦੇ ਹੋਏ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਟਵਿੱਟਰ 'ਤੇ ਕਿਸਾਨਾਂ ਨੂੰ ਲੈ ਕੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਕਿਸਾਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਭਾਰਤ ਦੇ ਬਹੁਗਿਣਤੀ ਲੋਕ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕਿਸਾਨਾਂ ਦੀ ਆਵਾਜ਼ ਪੂਰੀ ਦੁਨੀਆ ਵਿੱਚ ਗੂੰਜ ਰਹੀ ਹੈ।
ਦੱਸਦਈਏ ਕਿ ਕਿਸਾਨਾਂ ਦੇ ਦਿੱਲੀ ਵਿੱਚ ਲਗਾਏ ਗਏ ਧਰਨੇ ਦਾ ਅੱਜ 12ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ। ਸਰਕਾਰ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਪਰ ਹੁਣ ਤੱਕ ਕੋਈ ਹਲ ਨਹੀਂ ਨਿਕਲਿਆ। ਜਿਸ ਨੂੰ ਲੈ ਕੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ 9 ਦਸੰਬਰ ਨੂੰ ਕੇਂਦਰ ਅਤੇ ਕਿਸਾਨਾਂ ਨਾਲ ਮੁੜ ਤੋਂ ਬੈਠਕ ਹੋਵੇਗੀ।