ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ।
ਸਿੱਧੂ ਦਾ ਪ੍ਰਤੀਕਰਮ: ਸਜ਼ਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਫੈਸਲਾ ਸਵੀਕਾਰ ਹੈ।
ਸਿੱਧੂ ਬੋਲੇ ਨੋ ਕੁਮੈਂਟ:ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਲਾਲ ਸਿੰਘ ਦੇ ਘਰ ਚ ਮੌਜੂਦ ਸੀ। ਉੱਥੇ ਨਿਕਲਣ ਤੋਂ ਬਾਅਦ ਜਦੋ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਜ਼ਾ ਮਿਲਣ ’ਤੇ ਬਿਆਨ ਦੇਣ ’ਤੇ ਕਿਹਾ ਤਾਂ ਉਨ੍ਹਾਂ ਨੇ ਨੋ ਕੁਮੈਂਟ ਆਖ ਕੇ ਗੱਡੀ ਚ ਬੈਠ ਕੇ ਚੱਲੇ ਗਏ।
ਸਾਥੀ ਨੂੰ ਨਹੀਂ ਮਿਲੇ ਸਿੱਧੂ:ਰੋਡ ਰੇਜ਼ ਮਾਮਲੇ 'ਚ ਨਵਜੋਤ ਸਿੱਧੂ ਦੇ ਨਾਲ ਉਨ੍ਹਾਂ ਦਾ ਇਕ ਸਾਥੀ ਜੋ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਿੱਧੂ ਨੂੰ ਮਿਲਣ ਆਇਆ ਸੀ, ਪਰ ਸਿੱਧੂ ਵਲੋਂ ਉਸ ਨਾਲ ਮੁਲਾਕਾਤ ਨਹੀਂ ਕੀਤੀ ਗਈ।ਇਸ ਵਿਅਕਤੀ ਦਾ ਕਹਿਣਾ ਸੀ ਕਿ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਉਸ ਵਿੱਚ ਮੈਂ ਕੀ ਕਰ ਸਕਦਾ ਹਾਂ। ਉਨ੍ਹਾਂ ਕਿਹਾ ਇਹ ਤਾਂ ਬੜੀ ਪੁਰਾਣੀ ਗੱਲ ਹੋ ਚੁੱਕੀ ਹੈ, ਪਹਿਲਾ ਸੈਸ਼ਨ ਕੋਰਟ ਦੇ ਵਿੱਚ ਫੈਸਲਾ ਹੋਇਆ ਸੀ, ਫਿਰ ਹਾਈਕੋਰਟ ਦੇ ਵਿੱਚ ਤੇ ਹੁਣ ਸੁਪਰੀਮ ਕੋਰਟ ਦੇ ਵਿਚ ਹੋਇਆ। ਉਨ੍ਹਾਂ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਲਈ ਪਹੁੰਚਿਆ ਸੀ ਲੇਕਿਨ ਉਹ ਨਹੀਂ ਮਿਲੇ।
ਘਰ ਦੇ ਬਾਹਰ ਨਹੀਂ ਕੋਈ ਹਰਕਤ:ਉਧਰ ਨਵਜੋਤ ਸਿੱਧੂ ਦੀ ਗ੍ਰਿਫ਼ਤਾਰੀ ਜਾਂ ਆਤਮ ਸਮਰਪਣ ਪਹੇਲੀ ਬਣਿਆ ਹੋਇਆ। ਰਾਤ ਸਮੇਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸਿੱਧੂ ਦੇ ਸੁਰੱਖਿਆ ਕਰਮੀ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਹਨ ਪਰ ਸਾਰੇ ਪਾਸੇ ਸੁੰਨ ਪਸਰੀ ਹੋਈ ਹੈ।
ਮਿਸਿਜ ਸਿੱਧੂ ਵੀ ਪਹੁੰਚੀ ਪਟਿਆਲਾ:ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਅੰਮ੍ਰਿਤਸਰ ਤੋਂ ਪਟਿਆਲਾ ਪਹੁੰਚ ਗਈ। ਇਸ ਦੌਰਾਨ ਨਵਜੋਤ ਕੌਰ ਵਲੋਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਗਈ ਅਤੇ ਦੂਰੀ ਬਣਾ ਕੇ ਰੱਖੀ। ਨਵਜੋਤ ਕੌਰ ਬਿਨਾਂ ਗੱਲ ਕੀਤੇ ਹੀ ਘਰ 'ਚ ਦਾਖਲ ਹੋ ਗਏ।
'ਜੋ ਕਾਂਗਰਸ ਨਹੀਂ ਕਰ ਸਕੀ ਸੁਪਰੀਮ ਕੋਰਟ ਨੇ ਕੀਤਾ':ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਮਿਲਣ ’ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ। ਸਿੱਧੂ ਨੇ ਕਾਂਗਰਸ ਪਾਰਟੀ ਨੂੰ ਜੋ ਨੁਕਸਾਨ ਪਹੁੰਚਾਇਆ ਹੈ ਉਸਦੀ ਕੋਈ ਵੀ ਮੁਰੰਮਤ ਨਹੀਂ ਕਰ ਸਕਦਾ ਹੈ। ਜੋ ਕਾਂਗਰਸ ਨਹੀਂ ਕਰ ਸਕੀ ਅੱਜ ਉਹ ਕੰਮ ਸੁਪਰੀਮ ਕੋਰਟ ਨੇ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਫਰਵਰੀ ’ਚ ਰਾਹੁਲ ਗਾਂਧੀ ਨੂੰ ਸਿੱਧੂ ਅਤੇ ਸੁਨੀਲ ਜਾਖੜ ਨੂੰ ਪਾਰਟੀ ਚੋਂ ਬਾਹਰ ਕੱਢਣ ਲਈ ਕਿਹਾ ਸੀ।