ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣ 2022 ’ਚ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ। ਇਸ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਮੰਗ ਲਿਆ ਸੀ। ਉੱਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਚੌਧਰੀ ਦੀ ਵੀ ਛੁੱਟੀ ਹੋ ਸਕਦੀ ਹੈ।
ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਪਾਰਟੀ ਹਾਈਕਮਾਂਡ ਵੱਲੋਂ ਮੁੱਖ ਸੱਕਤਰਾਂ ਅਤੇ ਸੂਬੇ ਦੇ ਇੰਚਾਰਜਾਂ ਦੀ ਮੀਟਿੰਗ ਸੱਦੀ ਗਈ ਹੈ। ਨਾਲ ਹੀ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਨਾਂ ਦਾ ਵੀ ਐਲਾਨ ਕਰ ਸਕਦੀ ਹੈ।
ਇਨ੍ਹਾਂ ਨਾਵਾਂ ’ਤੇ ਚਰਚਾ: ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਲਈ ਕਈ ਨਾਵਾਂ ਦੇ ਚਰਚਾ ਹੋ ਰਹੇ ਹਨ। ਜਿਨ੍ਹਾਂ ’ਚ ਸਾਬਕਾ ਡਿਪਟੀ ਸੀਐੱਮ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਅਤੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਾਹਮਣੇ ਇਹ ਵੀ ਆ ਰਿਹਾ ਹੈ ਕਿ ਕਾਂਗਰਸ ਵੱਲੋਂ ਸੁਨੀਲ ਜਾਖੜ ਦੇ ਨਾਂ ’ਤੇ ਮੋਹਰ ਲਗਾ ਸਕਦੀ ਹੈ।
ਉੱਥੇ ਹੀ ਜੇਕਰ ਪਾਰਟੀ ਵੱਲੋਂ ਪ੍ਰਿਯੰਕਾ ਗਾਂਧੀ ਦੀ ਗੱਲ ਮੰਨੀ ਜਾਂਦੀ ਹੈ ਤਾਂ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਪਰ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦੇ ਕਾਰਨ ਪਾਰਟੀ ਨੂੰ ਕਾਫੀ ਕੁਝ ਸਹਿਣਾ ਪਿਆ ਹੈ। ਵਿਧਾਨਸਭਾ ਚੋਣਾਂ ’ਚ ਹਾਰ ਦਾ ਕਾਰਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨੂੰ ਦੱਸ ਰਹੇ ਹਨ।
ਦੋਵੇਂ ਸੀਟਾਂ ਹਾਰਨ ਤੋਂ ਬਾਅਦ ਚੰਨੀ ਚੁੱਪ: ਪੰਜਾਬ ਵਿਧਾਨਸਭਾ ਚੋਣਾਂ 2022 ਦੇ ਦੌਰਾਨ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨ ਕੀਤਾ ਗਿਆ ਸੀ। ਨਾਲ ਹੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਵੀ ਐਲਾਨਿਆ ਗਿਆ ਸੀ ਪਰ ਚਰਨਜੀਤ ਸਿੰਘ ਚੰਨੀ ਦੋਵੇ ਸੀਟਾਂ ਤੋਂ ਹਾਰ ਗਏ। ਨਾਲ ਹੀ ਵਿਧਾਨਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਵੀ ਚਰਨਜੀਤ ਸਿੰਘ ਚੰਨੀ ਅਜੇ ਤੱਕ ਚੁੱਪ ਹਨ। ਉਨ੍ਹਾਂ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਪੰਜ ਸੂਬਿਆਂ ਦੇ ਪ੍ਰਧਾਨਾਂ ਤੋਂ ਮੰਗੇ ਗਏ ਸੀ ਅਸਤੀਫਾ:ਕਾਬਿਲੇਗੌਰ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਉੱਤਰਾਖੰਡ, ਉੱਤਰਪ੍ਰਦੇਸ਼, ਪੰਜਾਬ, ਗੋਆ ਅਤੇ ਮਨੀਪੁਰ ਦੇ ਸੂਬਾ ਪ੍ਰਧਾਨਾਂ ਦੇ ਅਸਤੀਫੇ ਮੰਗੇ ਗਏ ਸੀ। ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਸੂਬਾ ਪ੍ਰਧਾਨਾਂ ਦੇ ਅਸਤੀਫੇ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਸੰਗਠਨ ਦਾ ਮੁੜ ਗਠਨ ਕੀਤਾ ਜਾਵੇਗਾ ਅਤੇ ਨਵੇਂ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਇਹ ਵੀ ਪੜੋ:ਮਾਨਸਾ ਦੌਰੇ ’ਤੇ CM ਮਾਨ, ਕਿਸਾਨਾਂ ਮਜ਼ਦੂਰਾਂ ਨੂੰ 58 ਕਰੋੜ ਤੋਂ ਵੱਧ ਮੁਆਵਜਾ ਰਾਸ਼ੀ ਕਰਨਗੇ ਜਾਰੀ