ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਸਿੱਧੂ ਵੱਲੋਂ ਇੱਕ ਵਾਰ ਫਿਰ ਪੰਜਾਬ ਮਾਡਲ ਦੀ ਗੱਲ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਰੇ ਬੇਬੁਨਿਆਦ ਗੱਲਾਂ ਕਰਦੇ ਹਨ ਪਰ ਕਿਸੇ ਕੋਲ ਕੋਈ ਰੋਡ ਮੈਪ ਨਹੀਂ ਹੈ ਜਿਸ ਨਾਲ ਸੂਬੇ ਦਾ ਭਲਾ ਹੋ ਸਕੇ।
ਮੀਡੀਆ ਦੇ ਸਵਾਲ ’ਤੇ ਭੜਕੇ ਸਿੱਧੂ
ਪੰਜਾਬ ਮਾਡਲ ਨੂੰ ਲੈਕੇ ਇੱਕ ਸਵਾਲ ’ਤੇ ਭੜਕਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਿ ਇਹ ਮਾਡਲ ਮੈਨੀਫੈਸਟੋ ਦਾ ਹਿੱਸਾ ਹੋਣ ਵਾਲਾ ਹੈ। ਨਾਲ ਹੀ ਕਿਹਾ ਕਿ ਉਨ੍ਹਾਂ ਪੁੱਛਿਆ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਜਾਂ ਫਿਰ ਕਿਸੇ ਗਲੀ ਦੇ ਪ੍ਰਧਾਨ। ਇਸ ਦੌਰਾਨ ਉਨ੍ਹਾਂ ਨਾਲ ਪ੍ਰੈਸ ਕਾਨਫਰੰਸ ਵਿੱਚ ਬੈਠੇ ਅਲਕਾ ਲਾਂਬਾ ਵੱਲੋਂ ਮਸਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ।
ਪੰਜਾਬ ਮਾਡਲ ਨੂੰ ਨੌਜਵਾਨਾਂ ਲਈ ਦੱਸਿਆ ਅਹਿਮ
ਇਸ ਮੌਕੇ ਨਵਜੋਤ ਸਿੱਧੂ ਵੱਲੋਂ ਆਪਣੇ ਪੰਜਾਬ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਰਿਸਰਚ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ। ਉਨ੍ਹਾਂ ਦੱਸਿਆ ਕਿ ਯੂਥ ਦਾ ਪਲਾਨ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਕਸ਼ੇ ਕਦਮ ’ਤੇ ਚੱਲ ਕੇ ਨੌਜਵਾਨਾਂ ਨੂੰ ਆਪਣੇ ਬਲਬੂਤੇ ਖੜ੍ਹਾ ਕੀਤਾ ਜਾਵੇਗਾ।
'ਮੁਹਾਲੀ ਹੋਵੇਗਾ ਪੰਜਾਬ ਦਾ ਭਵਿੱਖ'
ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹਾ ਪੰਜਾਬ ਦਾ ਭਵਿੱਖ ਹੋਵੇਗਾ। ਸਿੱਧੂ ਨੇ ਕਿਹਾ ਕਿ ਮੁਹਾਲੀ ਦਾ ਨੌਜਵਾਨ ਪੂਣੇ, ਬੰਗਲੌਰ ਅਤੇ ਗੁਰੂਗ੍ਰਾਮ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਆਈਟੀ ਹੱਬ ਬਣਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਭਾਰਤ ਦੀ ਸਿਲੀਕਾਨ ਵੈੱਲੀ ਬਣੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਇਲੈਕਟਰੀਕਲ ਵਹੀਕਲ ਦਾ ਹੱਬ ਬਣਾਇਆ ਜਾਵੇਗਾ ਅਤੇ ਸਾਇਕਲ ਇੰਡਸਟਰੀ ਦੇ ਨਾਲ ਬੈਟਰੀ ਇੰਡਸਟਰੀ ਵੀ ਲਿਆਂਦੀ ਜਾਵੇਗੀ।