ਚੰਡੀਗੜ੍ਹ: ਕਾਂਗਰਸ ਦੇ ਵਿੱਚ ਸਿਆਸੀ ਭਵਿੱਖ ਨਾ ਬਣਦੇ ਦੇਖ ਜਯੋਤਿਰਾਦਿਤਿਆ ਸਿੰਧੀਆ ਤੇ ਹੁਣ ਜਿਤਿਨ ਪ੍ਰਸਾਦ ਨੇ ਕਾਂਗਰਸ ਨੂੰ ਅਲਵਿਦਾ ਕਹਿ ਬੀਜੇਪੀ ਦਾ ਪੱਲਾ ਫੜ ਲਿਆ। ਉੱਥੇ ਹੀ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਰਾਜਸਥਾਨ ਦੇ ਵਿਚ ਸਚਿਨ ਪਾਇਲਟ ਵੱਲੋਂ ਕਾਂਗਰਸ ਵਿੱਚ ਰਹਿੰਦਿਆਂ ਹੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ।
ਨਵਜੋਤ ਸਿੱਧੂ ਨੂੰ ਹਾਈ ਕਮਾਨ ਨਹੀਂ ਕਰ ਸਕਦੀ ਨਜ਼ਰਅੰਦਾਜ਼: ਸਤੀਸ਼ ਕੁਮਾਰ ਕਾਂਗਰਸ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਖੜ੍ਹੀ ਹੋ ਚੁੱਕੀ ਹੈ, ਕਿ ਵੱਡੀ ਗਿਣਤੀ ‘ਚ ਨੌਜਵਾਨ ਕਾਂਗਰਸ ਨੂੰ ਛੱਡ ਕੇ ਜਾ ਰਹੇ ਹਨ। ਇਸ ਬਾਬਤ ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਦੀ ਕੀ ਭੂਮਿਕਾ ਹੈ। ਇਸ ਸਬੰਧੀ ਸਿਆਸੀ ਮਾਹਿਰ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ, ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐੱਮ ਜਾਂ ਫਿਰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, ਕਿ ਹਾਈ ਕਮਾਨ ਕਦੇ ਵੀ ਨਵਜੋਤ ਸਿੱਧੂ ਨੂੰ ਨਜ਼ਰਅੰਦਾਜ਼ ਨਹੀਂ ਕਰੇਗੀ। ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਵਿੱਚ ਹਨ, ਤੇ ਉਨ੍ਹਾਂ ਵੱਲੋਂ ਵੀ ਸਾਫ਼ ਕਿਹਾ ਜਾ ਚੁੱਕਿਆ ਹੈ, ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ। ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ, ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਤਾਂ 2022 ਵਿੱਚ ਕਾਂਗਰਸ ਨੂੰ ਸਰਕਾਰ ਬਣਾਉਣੀ ਔਖੀ ਹੋ ਜਾਵੇਗੀ,
ਉਦਾਹਰਨ ਦਿੰਦਿਆਂ ਸਤੀਸ਼ ਕੁਮਾਰ ਨੇ ਕਿਹਾ, ਕਿ 2006 ਤੋਂ 2007 ਦੌਰਾਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲੇ ਵਿਵਾਦ ਕਾਰਨ ਕਾਂਗਰਸ 2007 ਵਿੱਚ ਪੰਜਾਬ ਵਿੱਚ ਸਰਕਾਰ ਨਹੀਂ ਸੀ ਬਣਾ ਪਾਈ। ਇਸ ਲਈ ਹਾਈ ਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੀ ਗਲਤੀ ਦੁਬਾਰਾ ਨਹੀਂ ਦੁਹਰਾਉਣਾ ਚਾਹੁਣਗੇ।
ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ, ਕਿ ਜੇਕਰ ਕਾਂਗਰਸ ਦੀ ਲੜਾਈ ਹੋਰ ਲੰਬੀ ਚਲਦੀ ਹੈ, ਤਾਂ ਇਸ ਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ। ਅਤੇ ਅੱਜ ਦੇ ਸਮੇਂ ਮੁਤਾਬਕ ਕਾਂਗਰਸ ਨੂੰ 30 ਸੀਟਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਕੈਪਟਨ ਦਾ ਪ੍ਰਗਟ ਸਿੰਘ ਨੂੰ ਮੋੜਵਾ ਜੁਆਬ, ਟਵੀਟ ਕਰਕੇ ਕਿਹਾ...