ਆਪ ਵਿਧਾਇਕ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇੱਕ ਮਿੱਥੀ ਸਾਜ਼ਿਸ਼ ਤਹਿਤ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਬਿਆਨ ਜਾਰੀ ਕੀਤੇ ਜਾ ਰਹੇ ਹਨ, ਕੈਪਟਨ ਤੇ ਸਿੱਧੂ ਨੂੰ ਇੱਕ ਦੂਜੇ ਖਿਲਾਫ਼ ਬਿਆਨਬਾਜ਼ੀ ਕਰਨ ਦੀ ਥਾਂ 'ਤੇ ਸੂਬੇ ਦੇ ਅਸਲ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
Live Updates: ਸਲਾਹਕਾਰਾਂ ਨੇ ਸਿੱਧੂ ਨੂੰ ਪਾਈ ਬਿਪਤਾ
13:21 August 23
ਆਪ ਵਿਧਾਇਕ ਜੈ ਕਿਸ਼ਨ ਰੋੜੀ ਨੇ ਇਸਨੂੰ ਦੱਸਿਆ ਕੈਪਟਨ-ਸਿੱਧੂ ਦੀ ਮਿਲੀਭੁਗਤ
13:04 August 23
ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਤੋਂ ਮੰਗਿਆ ਜੁਆਬ
ਭਾਜਪਾ ਆਗੂ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਨਾਲ ਪਾਰਟੀ ਦੀ ਵਿਚਾਰ ਪਤਾ ਚਲਦੇ ਹਨ। ਉਨ੍ਹਾਂ ਪੁੱਛਿਆ ਕੀ ਰਾਹੁਲ ਗਾਂਧੀ ਜਵਾਬ ਦੇਣਗੇ ਕਿ ਉਨ੍ਹਾਂ ਨੇ ਸਿੱਧੂ ਦੇ ਸਲਾਹਕਾਰ ਨਿਯੁਕਤ ਕੀਤੇ ਹਨ?
12:54 August 23
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕੀਤੀ ਨਿਖੇਧੀ
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਸਿੱਧੂ ਸੂਬੇ 'ਚ ਆਪਣੀ ਹੀ ਸਰਕਾਰ ਖਿਲਾਫ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹਨ, ਉਸੇ ਤਰੀਕੇ ਦੇ ਉਨ੍ਹਾਂ ਦੇ ਸਲਾਹਕਾਰ ਵੀ ਹਨ। ਉਨ੍ਹਾਂ ਕਿਹਾ ਨੌਵੇਂ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਲਈ ਕੁਰਬਾਨੀ ਦਿੱਤੀ ਸੀ, ਪੰਜਾਬ ਦੇ ਫੌਜੀ ਜਵਾਨ ਜਿਹੜੇ ਜੰਮੂ-ਕਸ਼ਮੀਰ ਸਰਹੱਦ 'ਤੇ ਲੜ ਰਹੇ ਹਨ, ਉਨ੍ਹਾਂ ਦਾ ਅਪਮਾਨ ਹੈ।
12:54 August 23
ਸੀਨੀਅਰ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਦੱਸਿਆ ਇਤਿਰਾਜ਼ਯੋਗ
ਸੀਨੀਅਰ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਸਿੱਧੂ ਨੂੰ ਸਲਾਹ ਦਿੱਤੀ ਕਿ ਸਿਆਸੀ ਤੌਰ 'ਤੇ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ, ਇਨ੍ਹਾਂ ਲਈ ਪਾਰਟੀ 'ਚ ਕੋਈ ਥਾਂ ਨਹੀਂ ਹੈ। ਅਜਿਹਾ ਕੋਈ ਵੀ ਵਿਅਕਤੀ ਕਾਂਗਰਸ ਨਾਲ ਜੁੜ ਕੋ ਕੰਮ ਨਹੀਂ ਕਰ ਸਕਦਾ।
12:40 August 23
ਸਲਾਹਕਾਰਾਂ ਨੂੰ ਸਿੱਧੂ ਨੇ ਕੀਤਾ ਤਲਬ
ਮਾਲਵਿੰਦਰ ਸਿੰਘ ਮੱਲ੍ਹੀ ਤੇ ਡਾਕਟਰ ਪਿਆਰੇ ਲਾਲ ਗਰਗ ਦੇ ਬਿਆਨਾਂ ਦੀ ਚੌਤਰਫਾ ਨਿਖੇਧੀ ਮਗਰੋਂ ਸਿੱਧੂ ਨੇ ਆਪਣੇ ਦੋਵੇਂ ਸਲਾਹਕਾਰਾਂ ਨੂੰ ਪਟਿਆਲਾ ਸਥਿਤ ਰਿਹਾਇਸ਼ ‘ਤੇ ਤਲਬ ਕਰ ਲਿਆ ਹੈ। ਉਥੇ ਦੋਵਾਂ ਨਾਲ ਮੀਟਿੰਗ ਜਾਰੀ ਹੈ। ਹੁਣ ਛੇਤੀ ਹੀ ਸਾਹਮਣੇ ਆ ਜਾਏਗਾ ਕਿ ਸਿੱਧੂ ਦੋਵਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਫੇਰ ਉਨ੍ਹਾਂ ਦੀ ਸੁਰ ‘ਚ ਸੁਰ ਮਿਲਾਉਂਦੇ ਹਨ।
12:40 August 23
ਅਕਾਲੀ ਦਲ ਨੇ ਸਿੱਧੂ ਨੂੰ ਲਿਆ ਆੜੇ ਹੱਥੀਂ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਸਾਰਾ ਮੁਲਕ ਪਾਕਿਸਤਾਨ ਦੇ ਖਿਲਾਫ ਸੀ ਤਾਂ ਕਿਸਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲ ਦੋਸਤੀ ਦਾ ਹੱਥ ਵਧਾਇਆ? ਕਿਸਨੇ ਪਾਕਿ ਫੌਜ ਮੁਖੀ ਨੂੰ ਗਲੇ ਲਗਾਇਆ? ਨਵਜੋਤ ਸਿੰਘ ਸਿੱਧੂ..ਜਦੋਂ ਉਹ ਖ਼ੁਦ ਇਸ ਤਰ੍ਹਾਂ ਦੇ ਹਨ, ਤਾਂ ਸਲਾਹਕਾਰਾਂ ਬਾਰੇ ਸ਼ਿਕਾਇਤ ਕਿਉਂ?
12:29 August 23
ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ ਨੂੰ ਦਖਲ ਦੇਣ ਲਈ ਕਿਹਾ
ਸੀਨੀਅਰ ਕਾਂਗਰਸੀ ਨੇਤਾ ਅਤੇ ਰਾਸ਼ਟਰੀ ਬੁਲਾਰੇ ਮਨੀਸ਼ ਤਿਵਾੜੀ ਨੇ ਆਪਣੇ ਟਵੀਟ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੂੰ ਗੰਭੀਰਤਾ ਨਾਲ ਆਤਮ -ਪੜਚੋਲ ਕਰਨ ਦੀ ਅਪੀਲ ਕੀਤੀ ਹੈ ਕਿ ਜੋ ਲੋਕ ਜੰਮੂ -ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਹੋਰ ਜਿਨ੍ਹਾਂ ਨੂੰ ਪਾਕਿਸਤਾਨ ਪੱਖੀ ਝੁਕਾਅ ਹੈ ਕੀ ਉਨ੍ਹਾਂ ਨੂੰ INCPunjab ਦਾ ਹਿੱਸਾ ਹੋਣਾ ਚਾਹੀਦਾ ਹੈ। ਇਹ ਉਨ੍ਹਾਂ ਸਾਰਿਆਂ ਦਾ ਮਜ਼ਾਕ ਉਡਾਉਂਦਾ ਹੈ ਜਿਨ੍ਹਾਂ ਨੇ ਭਾਰਤ ਲਈ ਖੂਨ ਵਹਾਇਆ ਹੈ।
ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ 'ਚ ਤਾਂ ਕੀ ਦੇਸ਼ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ।
12:18 August 23
ਕੈਪਟਨ ਦੀ ਨਸੀਹਤ ਤੋਂ ਬਾਅਦ ਵੀ ਨਹੀਂ ਟਲੇ ਸਿੱਧੂ ਦੇ ਸਲਾਹਕਾਰ
ਕੈਪਟਨ ਦੀ ਨਸੀਹਤ ਦੇ ਬਾਵਜੂਦ ਵੀ ਸਲਾਹਕਾਰਾਂ ਦੇ ਤੇਵਰ ਬਦਲੇ ਨਹੀਂ ਹਨ। ਜਿਸ ਤੋਂ ਬਾਅਦ ਮੁੜ ਤੋਂ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮੱਲ੍ਹੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਮਾਲਵਿੰਦਰ ਸਿੰਘ ਮੱਲ੍ਹੀ ਨੇ ਫੇਸਬੁੱਕ ਪੋਸਟ ਰਾਹੀ ਮੁੜ ਤੋਂ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਹਮਲਾ ਕਰਦੇ ਹੋਏ ਨਜ਼ਰ ਆਏ। ਮਾਲਵਿੰਦਰ ਮੱਲ੍ਹੀ ਨੇ ਪੋਸਟ ਰਾਹੀ ਕਿਹਾ ਕਿ ਇੱਧਰ ਉੱਧਰ ਦੀ ਗੱਲ ਨਾ ਕਰੋ ਇਹ ਦੱਸੋ ਕਾਫਿਲਾ ਕਿਉਂ ਲੁੱਟਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਵਿਚਾਰਾਂ ’ਚ ਮਤਭੇਦ ਹਨ ਅਤੇ ਭਾਰਤ ਸੰਵਿਧਾਨ ਹਰ ਕਿਸੇ ਨੂੰ ਬੋਲਣ ਦਾ ਹੱਕ ਦਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਵਿਚਾਰਾਂ ਨਾਲ ਸਹਿਮਤੀ ਹੋ ਜਾਣ ਤਾਂ ਉਹ ਦੱਸਣ ਕਿ ਪੰਜਾਬ ਨੂੰ ਉਜਾੜਿਆ ਕਿਸਨੇ ਅਤੇ ਕਿਉਂ? ਇਨ੍ਹਾਂ ਹੀ ਨਹੀਂ ਪੰਜਾਬ ਦੇ ਸਿਰ ’ਤੇ ਲੱਖਾਂ ਤਾ ਕਰਜਾ ਕਿਸਨੇ ਅਤੇ ਕਿਉਂ ਚੜ੍ਹਾਇਆ? ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਕਿਸਾਨ ਪਰੇਸ਼ਾਨ ਹਨ। ਸੂਬੇ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਵਧ ਰਹੇ ਹਨ ਜਦਕਿ ਕਿਸਾਨ ਕਰਜੇ ਤੋਂ ਪਰੇਸ਼ਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਬੇਘਰ ਹੋ ਕੇ ਦਿੱਲੀ ਬਾਰਡਰ ’ਤੇ ਕਿਉਂ ਬੈਠੇ ਹੋਏ ਹਨ, ਪੰਜਾਬ ’ਚ ਹਰ ਵਰਗ ਪ੍ਰਦਰਸ਼ਨ ਦੀ ਰਾਹ ’ਤੇ ਕਿਉਂ ਤੁਰਿਆ ਪਿਆ ਹੈ। ਕਿ ਇਹ ਸਭ ਪਾਕਿਸਤਾਨ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਮੈਂ ਅਰੁਸਾ ਆਲਮ ਦੀ ਗੱਲ ਨਹੀਂ ਕਰ ਰਿਹਾ ਹਾਂ।
12:09 August 23
Live Updates: ਸਲਾਹਕਾਰਾਂ ਨੇ ਸਿੱਧੂ ਨੂੰ ਪਾਈ ਬਿਪਤਾ
ਚੰਡੀਗੜ੍ਹ: ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਲਗਾਏ ਗਏ ਉਨ੍ਹਾਂ ਦੇ ਸਲਾਹਕਾਰਾਂ ਵਿੱਚੋਂ ਦੋ ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਮਲ੍ਹੀ ਨੂੰ ਤਾੜਨਾ ਕਰਦਿਆਂ ਸੰਵੇਦੀ ਮੁੱਦਿਆਂ ‘ਤੇ ਖਤਰਨਾਕ ਤੇ ਕਲਪਮਈ ਬਿਆਨਬਾਜੀ ਤੋਂ ਗੁਰੇਜ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਇਹ ਤਾੜਨਾ ਇੱਕ ਟਵੀਟ ਵਿੱਚ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਤੇ ਕਸ਼ਮੀਰ ਜਿਹੇ ਸੰਵੇਦੀ ਕੌਮੀ ਮੁੱਦਿਆਂ ‘ਤੇ ਬਿਨਾ ਸੋਚੇ ਸਮਝੇ ਕੀਤੀ ਬਿਆਨਬਾਜੀ ਸ਼ਾਂਤੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਲਾਹਕਾਰ ਸਿੱਧੂ ਨੂੰ ਸਲਾਹ ਦੇਣ ਨਾ ਕਿ ਮੁੱਦੇ ਬਾਰੇ ਘੱਟ ਜਾਂ ਜਾਣਕਾਰੀ ਨਾ ਹੋਣ ਦੇ ਬਾਵਜੂਦ ਬਿਆਨਬਾਜੀ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਤੋਂ ਪਹਿਲਾਂ ਉਸ ਦੀਆਂ ਪੇਚੀਦਗੀਆਂ ਸਮਝ ਲੈਣੀਆਂ ਚਾਹੀਦੀਆਂ ਹਨ।
ਕੈਪਟਨ ਦੀ ਸਿੱਧੂ ਨੂੰ ਤਾਕੀਦ, ਸਲਾਹਕਾਰਾਂ ‘ਤੇ ਲਗਾਏ ਲਗਾਮ
ਮੁੱਖ ਮੰਤਰੀ ਨੇ ਸਿੱਧੂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਲਾਹਕਾਰਾਂ ਨੂੰ ਅਜਿਹੀ ਬਿਆਨਬਾਜੀ ਤੋਂ ਰੋਕਣ ਤਾਂ ਜੋ ਭਾਰਤ ਦੇ ਹਿੱਤਾਂ ਨੂੰ ਢਾਹ ਨਾ ਲੱਗੇ। ਜਿਕਰਯੋਗ ਹੈ ਕਿ ਪਿਆਰੇ ਲਾਲ ਗਰਗ ਨੇ ਕੈਪਟਨ ਦੇ ਪਾਕਿਸਤਾਨ ਬਾਰੇ ਬਿਆਨ ‘ਤੇ ਕੁਮੈਂਟ ਕੀਤਾ ਸੀ। ਇਸ ਤੋਂ ਪਹਿਲਾਂ ਮਲ੍ਹੀ ਨੇ ਕਸ਼ਮੀਰ ਮੁੱਦੇ ‘ਤੇ ਕਥਿਤ ਵਿਵਾਦਤ ਬਿਆਨ ਦਿੱਤਾ ਸੀ। ਇਸੇ ਕਾਰਨ ਮੁੱਖ ਮੰਤਰੀ ਨੇ ਟਵੀਟ ਕਰਕੇ ਜਿੱਥੇ ਦੋਵਾਂ ਨੂੰ ਤਾੜਨਾ ਕੀਤੀ ਹੈ, ਉਥੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਸਮਝਾਉਣ ਦੀ ਤਾਕੀਦ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮਾਲੀ ਤੇ ਗਰਗ ਦੇ ਅਸਚਰਜ ਭਰੇ ਬਿਆਨਾਂ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਉਤੇ ਲਗਾਮ ਲਾਉਣ ਲਈ ਕਿਹਾ।
ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ:ਕੈਪਟਨ
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰ੍ਹਾਂ ਦੇਸ਼ ਵਿਰੋਧੀ ਹੈ। ਉਨ੍ਹਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿੱਚ ਨਿੰਦੇ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ।