ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਮੁੜ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ। ਬਾਜਵਾ ਨੇ ਕੈਪਟਨ ਸਰਕਾਰ ਵੱਲੋਂ ਰਾਜ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀਆਂ ਦੇ ਤਬਾਦਲੇ ਅਤੇ ਅਸਾਮੀਆਂ ਲਈ ਤਿੰਨ ਮੈਂਬਰੀ ਸਿਵਲ ਸੇਵਾਵਾਂ ਬੋਰਡ (ਸੀਐਸਬੀ) ਸਥਾਪਤ ਕਰਨ ਦੇ ਫੈਸਲਾ 'ਤੇ ਸਵਾਲ ਖੜ੍ਹੇ ਕੀਤੇ ਹਨ।
ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਬਾਜਵਾ ਨੇ ਕਿਹਾ ਕਿ ਮੁੱਖ ਸਕੱਤਰ (ਸੀਐਸ) ਦੀ ਅਗਵਾਈ ਵਿੱਚ ਬੋਰਡ ਦੀ ਸਥਾਪਨਾ ਨੇ ਸੂਬੇ ਦੇ ਕਈ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਬਾਜਵਾ ਨੇ ਕਿਹਾ, “ਤੁਹਾਡੇ ਇਸ ਕਦਮ ਦਾ ਸਮਾਂ ਗਲਤ ਹੈ। ਜਦੋਂ ਮੁੱਖ ਸਕੱਤਰ ਵੱਲੋਂ ਕੈਬਿਨੇਟ ਮੰਤਰੀਆਂ ਦਾ ਅਪਮਾਨ ਕੀਤਾ ਜਾਂਦਾ ਹੈ, ਉਸੇ ਸਮੇਂ ਤੁਸੀ ਇੱਕ ਸਰਬੋਤਮ ਸੀਐੱਸਬੀ ਸਥਾਪਤ ਕਰ ਦਿੱਤੀ, ਜਿਸ ਨਾਲ ਇਹ ਸੁਨਿਸ਼ਚਿਤ ਹੋ ਜਾਵੇਗਾ ਕਿ ਨੌਕਰਸ਼ਾਹੀ ਬਹੁਤ ਘੱਟ ਜਵਾਬਦੇਹ ਹੋਵੇ ... ਇਸ ਨਾਲ ਪਹਿਲਾਂ ਹੀ ਨਿਰਾਸ਼ ਚੁਣੇ ਗਏ ਨੁਮਾਇੰਦਿਆਂ ਨੂੰ ਇੱਕ ਪ੍ਰੇਸ਼ਾਨ ਕਰਨ ਵਾਲਾ ਅਤੇ ਨਕਾਰਾਤਮਕ ਸੰਕੇਤ ਮਿਲਿਆ ਹੈ।" ਬਾਜਵਾ ਨੇ ਦੋ ਪੇਜ ਦਾ ਪੱਤਰ ਲਿਖਿਆ ਹੈ।