ਚੰਡੀਗੜ੍ਹ: ਕੋਰੋਨਾ ਕਾਲ ਵਿੱਚ ਜਿੱਥੇ ਵਿਦਿਆਰਥੀਆਂ ਦੇ ਲਈ ਆਨਲਾਈਨ ਪੜ੍ਹਾਈ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ ਉਥੇ ਹੀ ਕੁਝ ਅਜਿਹੇ ਵਿਦਿਆਰਥੀ ਵੀ ਹਨ ਜੋ ਆਪਣੀਆਂ ਕਿਤਾਬਾਂ ਅਤੇ ਜ਼ਰੂਰਤ ਦੀਆਂ ਚੀਜ਼ਾਂ ਦੀ ਪੂਰਤੀ ਨਹੀਂ ਕਰ ਪਾ ਰਹੇ। ਉਨ੍ਹਾਂ ਲਈ ਮਸੀਹਾ ਬਣੇ ਹਨ ਸੰਦੀਪ ਕੁਮਾਰ ਜੋ ਕਿ ਓਪਨ ਆਈਜ਼ ਫਾਊਂਡੇਸ਼ਨ ਨਾਂਅ ਦੀ ਸੰਸਥਾ ਚਲਾ ਰਹੇ ਹਨ।
ਸੰਦੀਪ ਵੱਲੋਂ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਬਣਾਈ ਗਈ ਹੈ ਜਿਸ ਵਿੱਚ ਉਹ ਹਰ ਤਰ੍ਹਾਂ ਦੀਆਂ ਕਿਤਾਬਾਂ ਰੱਖਦੇ ਹਨ। ਸੰਦੀਪ ਨੇ ਦੱਸਿਆ ਕਿ ਉਹ ਪਹਿਲਾਂ ਸਕੂਟਰ ਉੱਤੇ ਘਰ-ਘਰ ਜਾ ਕੇ ਕਾਪੀਆਂ, ਕਿਤਾਬਾਂ ਇਕੱਠੀਆਂ ਕਰਦੇ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਲੋੜਵੰਦਾਂ ਵਿੱਚ ਵੰਡ ਦਿੰਦੇ ਸੀ। ਹੌਲੀ-ਹੌਲੀ ਉਨ੍ਹਾਂ ਨਾਲ ਲੋਕ ਜੁੜੇ ਅਤੇ ਉਨ੍ਹਾਂ ਨੇ ਹੁਣ ਕਰਜ਼ਾ ਲੈ ਕੇ ਇੱਕ ਫੋਰ ਵ੍ਹੀਲਰ ਖਰੀਦਿਆ ਜਿਸ ਨੂੰ ਇਕ ਚੱਲਦੀ ਫਿਰਦੀ ਲਾਇਬ੍ਰੇਰੀ ਵਿੱਚ ਤਬਦੀਲ ਕੀਤਾ।