ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਮਿਲਿਆ ਹੋਰ ਸਮਾਂ - ਐਸੋਸੀਏਟਿਡ ਸਕੂਲਾਂ
ਐਸੋਸੀਏਟਿਡ ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਮਿਲਿਆ ਹੋਰ ਸਮਾਂ। ਸਿੱਖਿਆ ਮੰਤਰੀ ਓ ਪੀ ਸੋਨੀ ਨੇ ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਸਮਾਂ ਇਕ ਸਾਲ ਵਧਾ ਕੇ 31 ਮਾਰਚ 2020 ਤੱਕ ਕਰਨ ਦੀ ਗੱਲ ਆਖੀ।
ਚੰਡੀਗੜ੍ਹ: ਐਸੋਸੀਏਟਿਡ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੇ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਇਨ੍ਹਾਂ ਸਕੂਲਾਂ ਲਈ ਮਾਨਤਾ ਮਾਪਦੰਡ ਪੂਰੇ ਕਰਨ ਲਈ ਇਕ ਸਾਲ ਦਾ ਸਮਾਂ ਵਧਾ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਐਸੋਸੀਏਟਿਡ ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਪਹਿਲਾਂ 31 ਮਾਰਚ 2019 ਤੱਕ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਬੱਚਿਆਂ ਤੇ ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਇਨਾਂ ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਸਮਾਂ ਇਕ ਸਾਲ ਵਧਾ ਕੇ 31 ਮਾਰਚ 2020 ਤੱਕ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਬਾਰੇ 'ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜੇਸ਼ਨ' ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ ਉਨਾਂ ਨਾਲ ਚਾਰ ਲੱਖ ਵਿਦਿਆਰਥੀ ਤੇ 50 ਹਜ਼ਾਰ ਅਧਿਆਪਕ ਜੁੜੇ ਹੋਏ ਹਨ, ਜਿਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨਾਂ ਸਕੂਲਾਂ ਨੂੰ ਮਾਨਤਾ ਦੇ ਮਾਪਦੰਡ ਪੂਰੇ ਕਰਨ ਲਈ ਹੋਰ ਸਮਾਂ ਦਿੱਤਾ ਜਾਵੇ।
ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੀ ਮਿਆਰੀ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਨੇ ਰਾਜ ਦੇ ਤਿੰਨੇ ਸਮਾਰਟ ਸ਼ਹਿਰਾਂ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਤਿੰਨ ਜ਼ਿਲ੍ਹਿਆਂ ਦੇ ਜ਼ਿਲਾ ਸਿੱਖਿਆ ਅਫ਼ਸਰਾਂ (ਡੀ.ਈ.ਓਜ਼) ਨੂੰ 20 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਨਾਂ ਸਕੂਲਾਂ ਨੂੰ ਲੈਪਟਾਪ, ਮਲਟੀਮੀਡੀਆ, ਪ੍ਰਾਜੈਕਟਰ ਤੇ ਹਾਈ ਸਪੀਡ ਇੰਟਰਨੈੱਟ ਦੀ ਸਹੂਲਤ ਨਾਲ ਲੈਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਗਲੇ ਵਿੱਦਿਅਕ ਵਰੇ ਵਿੱਚ ਰਾਜ ਭਰ ਦੇ ਹਰੇਕ ਹਲਕੇ ਵਿੱਚ 10-10 ਮਾਡਲ ਸਕੂਲ ਵੀ ਖੋਲੇ ਜਾਣਗੇ।