ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਸੱਤਾ ਹਾਸਿਲ ਕਰਨ ਤੋਂ ਬਾਅਦ ਐਕਸ਼ਨ ਮੂਡ ’ਚ ਹੈ। ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਇੱਕ ਤੋਂ ਬਾਅਦ ਇੱਕ ਪੂਰਾ ਵੀ ਕਰ ਰਹੀ ਹੈ। ਇਸੇ ਦੇ ਚੱਲਦੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਦੇ 117 ਵਿਧਾਨਸਭਾ ਖੇਤਰਾਂ ਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਸ ਸਬੰਧੀ ਸਰਕਾਰ ਵੱਲੋਂ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਚ ਉਨ੍ਹਾਂ ਨੇ ਬਿਲਡਿੰਗਾਂ ਦੀ ਲਿਸਟ ਮੰਗੀ ਹੈ।
117 ਹਲਕਿਆਂ ’ਚ ਮੁਹੱਲਾ ਕਲੀਨਿਕ: ਉੱਥੇ ਹੀ ਇਸ ਸਬੰਧ ’ਚ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਇਸੇ ਸਾਲ ਦੇ ਆਖਿਰ ਤੱਕ ਲੋਕਾਂ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਚ ਇਲਾਜ ਮਿਲਣਾ ਸ਼ੁਰੂ ਹੋ ਜਾਵੇਗਾ। ਜਿਸ ਨਾਲ ਲੋਕਾਂ ਨੂੰ ਸਿਹਤ ਪੱਖੋਂ ਕਾਫੀ ਸੁਵਿਧਾ ਮਿਲੇਗੀ।
1 ਮਈ ਤੱਕ ਮੰਗੀ ਗਈ ਰਿਪੋਰਟ: ਦੱਸ ਦਈਏ ਕਿ 117 ਹਲਕਿਆਂ ’ਚ ਮੁਹੱਲਾ ਕਲੀਨਿਕ ਖੋਲ੍ਹਣ ਦੇ ਲਈ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਸਿਵਲ ਸਰਜਨਾਂ ਨੂੰ ਪੱਤਰ ਲਿਖਿਆ ਹੈ। ਜਿਸ ਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਹਲਕੇ ਦੇ ਵਿਧਾਇਕਾਂ ਦੇ ਨਾਲ ਰਾਬਤਾ ਕਰਨ ਅਤੇ ਮੁਹੱਲਾ ਕਲੀਨਿਕ ਖੋਲ੍ਹਣ ਦੇ ਲਈ ਖੇਤਰ ਦੀ ਚੋਣ ਕਰ ਲੈਣ ਅਤੇ ਬਿਲਡਿੰਗ ਦੀ ਜਾਣਕਾਰੀ ਦੇਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਸਬੰਧੀ ਬਿਲਡਿੰਗ ਨਹੀਂ ਹੈ ਤਾਂ ਉਹ ਜਮੀਨ ਦਾ ਬਿਓਰਾ ਦੇਣ। ਇਸ ਸਬੰਧੀ ਸਾਰੀ ਰਿਪੋਰਟ ਉਨ੍ਹਾਂ ਤੋਂ 1 ਮਈ ਤੱਕ ਮੰਗੀ ਗਈ ਹੈ।