ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨ ਪੀੜੀ ਨੂੰ ਆਲਮੀ ਪੱਧਰ ਦੀਆਂ ਸਿਖਿਆ ਸਹੂਲਤਾਂ ਦੇ ਕੇ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ਵ ਪ੍ਰਸਿੱਧ ਪਲਾਕਸ਼ਾ ਯੂਨੀਵਰਸਿਟੀ ਨੂੰ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਹਿਮਤੀ ਪੱਤਰ (ਲੈਟਰ ਆਫ਼ ਇਨਟੈਂਟ) ਜਾਰੀ ਕਰ ਦਿੱਤਾ ਗਿਆ ਹੈ।
ਸੂਬੇ ਦੇ ਉੱਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਪੰਜਾਬ ਲਈ ਵੱਡੀ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮਨੁੱਖੀ ਹੁਨਰ ਸ਼ਕਤੀ ਅਤੇ ਪੰਜਾਬ ਸਰਕਾਰ ਦੀਆਂ ਨਿਵੇਸ਼ ਪ੍ਰਤੀ ਵਧੀਆ ਨੀਤੀਆਂ ਸਦਕਾ ਦੁਨੀਆ ਭਰ ਵਿੱਚ ਕੋਵਿਡ ਮਹਾਂਮਾਰੀ ਫੈਲਣ ਦੇ ਬਾਵਜੂਦ ਵਿਸ਼ਵ ਪੱਧਰੀ ਵੱਡੀਆਂ ਕੰਪਨੀਆਂ ਨੇ ਪੰਜਾਬ ਵੱਲ ਨਜ਼ਰਾਂ ਟਿਕਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਉੱਦਮ ਸਦਕਾ ‘ਇਨਵੈਸਟ ਪੰਜਾਬ’ ਸੰਮੇਲਨ ਰਾਹੀਂ ਨਿਵੇਸ਼ਕਾਂ ਲਈ ਬਣਾਈ ਸੁਖਾਲੀ ਨੀਤੀ ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਅਪਨਾਉਣ ਕਾਰਨ ਸੂਬੇ ਵਿੱਚ ਨਿਵੇਸ਼ ਕਰਨਾ ਆਸਾਨ ਹੋ ਗਿਆ ਹੈ।