ਚੰਡੀਗੜ੍ਹ : ਉਲੰਪੀਅਨ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਪਹਿਲੀ ਬਰਸੀ ਮੌਕੇ ਅੱਜ ਮੁਹਾਲੀ ਦੇ ਹਾਕੀ ਸਟੇਡੀਅਮ ਵਿਖੇ ਰਸਮੀ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਖ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਮ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ `ਤੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਉਨ੍ਹਾਂ ਵੱਲੋਂ ਇਹ ਹਾਕੀ ਸਟੇਡੀਅਮ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਕੀਤਾ ਗਿਆ। ਹੁਣ ਸਟੇਡੀਅਮ ਨੂੰ "ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ" ਵਜੋਂ ਜਾਣਿਆ ਜਾਵੇਗਾ।
ਕੌਮਾਂਤਰੀ ਹਾਕੀ ਸਟੇਡੀਅਮ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਕੌਮਾਂਤਰੀ ਹਾਕੀ ਟੂਰਨਾਮੈਂਟ ਤੇ ਸਕਾਲਰਸ਼ਿਪ ਜਲਦ : ਰਾਣਾ ਸੋਢੀ
ਰਾਣਾ ਸੋਢੀ ਨੇ ਇਸ ਮੌਕੇ ਐਲਾਨ ਕੀਤਾ ਕਿ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਹੋਣ `ਤੇ ਇਸ ਸਟੇਡੀਅਮ ਵਿਖੇ ਮਹਾਨ ਅੰਤਰਰਾਸ਼ਟਰੀ ਖਿਡਾਰੀ ਦੀ ਯਾਦ ਵਿਚ ਇਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। ਬਲਬੀਰ ਸਿੰਘ ਸੀਨੀਅਰ ਦੇ ਪੋਤੇ ਕਬੀਰ ਸਿੰਘ ਨੇ ਖੇਡ ਮੰਤਰੀ ਨੂੰ ਸਨੇਹ ਭਾਵਨਾ ਵਜੋਂ ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਲਿਖੀ ਕਿਤਾਬ ਗੋਲਡਨ ਗੋਲ ਵੀ ਭੇਟ ਕੀਤੀ।
ਖੇਡ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਖੇਡ ਵਿਭਾਗ ਸੂਬੇ ਦੇ ਹੁਨਰਮੰਦ ਖਿਡਾਰੀਆਂ ਲਈ ਇਸ ਮਹਾਨ ਖਿਡਾਰੀ ਦੇ ਨਾਮ ‘ਤੇ ਸਕਾਲਰਸ਼ਿਪ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਯਾਦ ਵਿੱਚ ਸਟੇਡੀਅਮ ਦੇ ਪ੍ਰਵੇਸ਼ ਦੁਆਰ `ਤੇ ਇਕ ਬੁੱਤ ਵੀ ਸਥਾਪਤ ਕੀਤਾ ਜਾਵੇਗਾ।ਖੇਡ ਮੰਤਰੀ ਨੇ ਮਹਾਨ ਖਿਡਾਰੀ ਦੀ ਯਾਦ ਵਿਚ ਬੂਟੇ ਵੀ ਲਗਾਏ।
ਬਲਬੀਰ ਸਿੰਘ ਸੀਨੀਅਰ ਦਾ ਰਿਕਾਰਡ ਅੱਜ ਵੀ ਕਾਇਮ
ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੇ ਤਿੰਨ ਵਾਰ ਉਲੰਪਿਕ ਚੈਂਪੀਅਨ ਬਣਨ ਲਈ ਭਾਰਤੀ ਹਾਕੀ ਟੀਮ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਅੱਜ ਤੱਕ ਕੋਈ ਵੀ ਉਨ੍ਹਾਂ ਦਾ ਉਲੰਪਿਕ ਫਾਈਨਲ ਦਾ ਰਿਕਾਰਡ ਤੋੜ ਨਹੀਂ ਸਕਿਆ ਹੈ। ਉਨ੍ਹਾਂ ਨੇ 1952 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਵਿੱਚ ਪੰਜ ਗੋਲ ਦਾਗੇ ਜਿਸ ਵਿੱਚ ਭਾਰਤ ਨੇ ਨੀਦਰਲੈਂਡ ਉੱਤੇ 6-1 ਨਾਲ ਜਿੱਤ ਦਰਜ ਕੀਤੀ ਸੀ। ਬਲਬੀਰ ਸਿੰਘ ਸੀਨੀਅਰ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਸਨ। ਉਨ੍ਹਾਂ ਨੇ ਖੇਡ ਵਿਭਾਗ, ਪੰਜਾਬ ਦੇ ਡਾਇਰੈਕਟਰ ਵਜੋਂ ਸੇਵਾਵਾਂ ਵੀ ਨਿਭਾਈਆਂ ਅਤੇ ਨੌਜਵਾਨਾਂ ਨੂੰ ਖੇਡ ਜਗਤ ਵੱਲ ਉਤਸ਼ਾਹਿਤ ਕੀਤਾ।
ਪੰਜਾਬ ਸਰਕਾਰ ਨੇ ਇਸ ਮਹਾਨ ਖਿਡਾਰੀ ਨੂੰ ਸਾਲ 2019 ਵਿਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਇਸ ਮੌਕੇ ਚਾਰ ਓਲੰਪਿਅਨ ਖਿਡਾਰੀ ਰਜਿੰਦਰ ਸਿੰਘ ਸੀਨੀਅਰ, ਰਜਿੰਦਰ ਸਿੰਘ ਜੂਨੀਅਰ, ਅਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਅਤੇ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਡਾਇਰੈਕਟਰ ਡੀਪੀਐਸ ਖਰਬੰਦਾ ਅਤੇ ਜੁਆਇੰਟ ਡਾਇਰੈਕਟਰ ਕਰਤਾਰ ਸਿੰਘ ਵੀ ਮੌਜੂਦ ਸਨ।