ਚੰਡੀਗੜ੍ਹ:ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਜੇ ਸਿੰਗਲਾ ਨੂੰ ਪਿਛਲੇ ਦਿਨ੍ਹਾਂ ਵਿੱਚ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ। ਇਸਦੇ ਨਾਲ ਹੀ ਸੀਐਮ ਭਗਵੰਤ ਮਾਨ ਵੱਲੋਂ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੇ ਆਦੇਸ਼ ਤੋਂ ਬਾਅਦ ਸਿੰਗਲਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਦੇ ਲਈ ਅਦਾਲਤ ਤੋਂ 3 ਰਿਮਾਂਡ ਹਾਸਿਲ ਕੀਤਾ ਗਿਆ ਸੀ।
ਰਿਮਾਂਡ ਖਤਮ ਹੋਣ ਤੋਂ ਬਾਅਦ ਕੀਤਾ ਸੀ ਅਦਾਲਤ 'ਚ ਪੇਸ਼:ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਸਿੰਗਲਾ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਹੋਵੇਗੀ। ਪੁਲਿਸ ਵੱਲੋਂ ਸਿੰਗਲਾ ਦਾ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ।
ਸਰਕਾਰ ਨਹੀਂ ਬਾਹਰੀ ਤਾਕਤਾਂ ਰਚ ਰਹੀਆਂ ਸਾਜ਼ਿਸ਼:ਇਸ ਦੌਰਾਨ ਸਿੰਗਲਾ ਨੇ ਕਿਹਾ ਕਿ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਅਤੇ ਮੈਨੂੰ ਪਾਰਟੀ, ਸਰਕਾਰ ਅਤੇ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਅੰਦਰ ਮੇਰੇ ਖ਼ਿਲਾਫ਼ ਕੋਈ ਸਾਜ਼ਿਸ਼ ਨਹੀਂ ਰਚੀ ਗਈ। ਮੇਰੇ ਵਿਰੁੱਧ ਇਹ ਸਾਜ਼ਿਸ਼ ਬਾਹਰੀ ਤਾਕਤਾਂ ਨੇ ਰਚੀ ਹੈ। ਅਦਾਲਤ ਨੇ ਡਾ. ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਸਿੰਗਲਾ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਹੋਵੇਗੀ। ਪੁੁਲਿਸ ਵਿਜੇ ਸਿੰਗਲਾ ਨੂੰ ਲੈਕੇ ਰੋਪੜ ਜੇਲ੍ਹ ਵਿੱਚ ਪਹੁੰਚ ਚੁੱਕੀ ਹੈ। ਸਿੰਗਲਾ ਦੇ ਨਾਲ ਉਨ੍ਹਾਂ ਦੇ ਓਐਸਡੀ ਨੂੰ ਵੀ ਪੁੁਲਿਸ ਲੈਕੇ ਪਹੁੰਚੀ ਹੈ।
ਇਹ ਸੀ ਪੂਰਾ ਮਾਮਲਾ: ਦੱਸ ਦਈਏ ਕਿ ਇੱਕ ਅਧਿਕਾਰੀ ਵੱਲੋਂ ਕਰੀਬ ਦਸ ਦਿਨ ਪਹਿਲਾਂ ਮੁੱਖ ਮੰਤਰੀ ਦਫਤਰ ਵਿਖੇ ਵਿਜੇ ਸਿੰਗਲਾ ਵੱਲੋਂ ਭ੍ਰਿਸ਼ਟਾਚਾਰ ਕਰਨ ਦੀ ਸੂਚਨਾ ਦਿੱਤੀ ਗਈ ਸੀ। ਜਿਸ ’ਤੇ ਸੀਐੱਮ ਮਾਨ ਨੇ ਖੁਦ ਅਧਿਕਾਰੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸਦੇ ਨਾਲ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਮੰਤਰੀ ਤੋਂ ਡਰਨ ਦੀ ਲੋੜ ਨਹੀਂ ਹੈ। ਭ੍ਰਿਸ਼ਟਾਚਾਰ ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।