ਸੰਗਰੂਰ: ਮੋਦੀ ਸਰਕਾਰ ਕਿਸਾਨਾਂ ‘ਤੇ ਜ਼ੁਲਮ ਢਾਉਣ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਪਨਾਹ ਦੇਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ, ਜੋ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਸ਼ਰੇਆਮ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਕੀਤਾ ਗਿਆ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਫੋਰੈਂਸਿਕ ਟੀਮ ਦੀ ਰਿਪੋਰਟ ਦੇ ਹਵਾਲੇ ਤੋਂ ਪੁਸ਼ਟੀ ਹੋਈ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਦੌਰਾਨ ਤਿੰਨ ਹਥਿਆਰਾਂ ‘ਚੋਂ ਗੋਲੀ ਚੱਲਣ ਦੇ ਸਬੂਤ ਮਿਲੇ ਹਨ। ਇਸ ਘਟਨਾ ਦੇ ਮੁੱਖ ਮੁਲਜ਼ਮ ਤੇ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਇਕ ਹੋਰ ਮੁਲਜ਼ਮ ਅੰਕਿਤ ਦਾਸ ਦੀ ਲਾਇਸੈਂਸੀ ਬੰਦੂਕ ਤੋਂ ਗੋਲੀਆਂ ਚੱਲੀਆਂ ਸਨ।
ਸਿੰਗਲਾ ਨੇ ਕਿਹਾ ਕਿ ਫੋਰੈਸਿਕ ਰਿਪੋਰਟ ਤੋਂ ਵੱਡਾ ਸਬੂਤ ਕੀ ਹੋਵੇਗਾ ਕਿ ਕਾਤਲ ਭਾਜਪਾ ਦੇ ਆਗੂ ਹਨ। ਉਨ੍ਹਾਂ ਸਖ਼ਤ ਸ਼ਬਦਾਂ ‘ਚ ਚਿਤਾਵਨੀ ਦਿੱਤੀ ਕਿ ਆਸ਼ੀਸ਼ ਮਿਸ਼ਰਾ ਦੇ ਪਿਤਾ ਅਜੈ ਮਿਸ਼ਰਾ ਨੂੰ ਤੁਰੰਤ ਗ੍ਰਹਿ ਵਿਭਾਗ ਦੇ ਮੰਤਰਾਲੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।