ਚੰਡੀਗੜ੍ਹ: ਮੌੜ ਮੰਡੀ ਵਿਖੇ 31 ਜਨਵਰੀ 2017 ਦੀ ਰਾਤ ਨੂੰ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਦੇ ਵਿੱਚ 5 ਬੱਚਿਆਂ ਸਣੇ ਕੁੱਲ 7 ਲੋਕਾਂ ਦੀ ਮੌਤ ਅਤੇ 25 ਤੋਂ ਵੱਧ ਲੋਕ ਫੱਟੜ ਹੋਏ ਸਨ। ਇਸ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ। ਇਸ ਬਾਬਤ ਮੋੜ ਮੰਡੀ ਬੰਬ ਧਮਾਕੇ ਵਿੱਚ ਮਾਰੇ ਗਏ ਇੱਕ ਬੱਚੇ ਦੇ ਦਾਦਾ ਬਲਵੀਰ ਸਿੰਘ ਵੀਰਵਾਰ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਣ ਲਈ ਪੁੱਜੇ ਪਰ ਉਹ ਉਥੇ ਮੌਜੂਦ ਨਹੀਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਏਡੀਜੀਪੀ ਨੂੰ ਆਪਣਾ ਮੰਗ ਪੱਤਰ ਸੌਂਪਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਮੌੜ ਮੰਡੀ ਬੰਬ ਧਮਾਕੇ ਵੇਲੇ ਹਰਮਿੰਦਰ ਸਿੰਘ ਜੱਸੀ ਹਲਕੇ ਦਾ ਵਿਧਾਇਕ ਸੀ ਅਤੇ ਉਸ ਦੇ ਭਰਾ ਗੋਪਾਲ ਸਿੰਘ ਦੀ ਗੱਡੀ ਵਿੱਚ ਬੰਬ ਧਮਾਕਾ ਹੋਇਆ ਸੀ। ਇਸ ਮਾਮਲੇ 'ਤੇ ਐਸਆਈਟੀ ਵੀ ਬਣਾਈ ਗਈ ਪਰ ਅੱਜ ਤੱਕ ਐੱਸਆਈਟੀ ਦੇ ਹੱਥ ਕੁੱਝ ਨਹੀਂ ਲੱਗਿਆ।