ਚੰਡੀਗੜ੍ਹ: ਬਠਿੰਡਾ ਦਿਹਾਤੀ ਸੀਟ ਤੋਂ 'ਆਪ' ਵਿਧਾਇਕਾ ਰੁਪਿੰਦਰ ਰੂਬੀ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਰੂਬੀ ਵਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ।
ਵਿਧਾਇਕਾ ਰੂਬੀ, ਮੁੱਖ ਮੰਤਰੀ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਇਸ ਮੌਕੇ ਮਨਪ੍ਰੀਤ ਬਾਦਲ, ਰਾਜਾ ਵੜਿੰਗ ਅਤੇ ਪਰਗਟ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕਾ ਰੁਪਿੰਦਰ ਰੂਬੀ ਨੇ ਕਿਹਾ ਕਿ ਉਨ੍ਹਾਂ ਮਾਣ ਵਾਲੀ ਗੱਲ ਹੈ ਕਿ ਉਹ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਛੱਡ ਕਾਂਗਰਸ 'ਚ ਸ਼ਾਮਲ ਹੋਣ ਦਾ ਫੈਸਲਾ ਉਨ੍ਹਾਂ ਇਸ ਲਈ ਕੀਤਾ ਕਿਉਂਕਿ ਉਹ ਇੱਕ ਆਮ ਲੜਕੀ ਹੈ। ਉਨ੍ਹਾਂ ਕੇਜਰੀਵਾਲ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਕਹਿਣੀ ਅਤੇ ਕਥਨੀ 'ਚ ਬਹੁਤ ਫਰਕ ਹੈ।
ਵਿਧਾਇਕ ਰੂਬੀ ਨੇ 'ਆਪ' ਦਾ ਝਾੜੂ ਛੱਡ ਕਾਂਗਰਸ ਦਾ ਫੜਿਆ ਹੱਥ ਉਨ੍ਹਾਂ ਕਿਹਾ ਕਿ ਦਿਲੋਂ ਜੋ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਸਨ, ਉਨ੍ਹਾਂ ਦੇ ਹੀ ਕੰਮ ਨਹੀਂ ਹੋ ਰਹੇ, ਜਿਸ ਨੂੰ ਦੇਖ ਕੇ ਮਨ ਬਹੁਤ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਨਾ ਹੁੰਦੇ ਦੇਖ ਹੀ ਉਨ੍ਹਾਂ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਦੇਖ ਕੇ ਉਹ ਇਸ 'ਚ ਸ਼ਾਮਲ ਹੋਏ ਹਨ, ਕਿਉਂਕਿ 50 ਦਿਨਾਂ 'ਚ ਹੀ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਸੂਬੇ ਦੇ ਲੋਕਾਂ ਲਈ ਜੋ ਕੀਤਾ ਉਹ ਦਿੱਲੀ ਦੀ ਸਰਕਾਰ ਨਹੀਂ ਕਰਵਾ ਸਕਦੀ।
ਵਿਧਾਇਕਾ ਰੂਬੀ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਹੱਥ ਹੈ, ਜੋ ਇੱਕ ਮਹਿਲਾ ਹੈ ਅਤੇ ਨਾਲ ਹੀ ਪ੍ਰਿੰਯਕਾ ਗਾਂਧੀ ਜਿਨ੍ਹਾਂ ਯੂ.ਪੀ 'ਚ ਮਹਿਲਾਵਾਂ ਲਈ 40 ਫੀਸਦੀ ਰਾਖਵਾਂਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟਿਕਟ ਦਾ ਫੈਸਲਾ ਹਾਈਕਮਾਨ ਹੀ ਲਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਭਗਵੰਤ ਮਾਨ ਲਈ ਲੜ ਰਹੇ ਸਨ ਕਿ ਪਾਰਟੀ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਪੀਕਰ ਕੋਲ ਜਾ ਕੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਗੇ।
ਇਹ ਵੀ ਪੜ੍ਹੋ :ਆਪ ਨੂੰ ਵੱਡਾ ਝਟਕਾ, ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੈਂਬਰਸ਼ਿੱਪ ਤੋਂ ਦਿੱਤਾ ਅਸਤੀਫਾ
ਇਸ ਮੌਕੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦੀ ਇੱਛਾ ਨੂੰ ਦੇਖਦਿਆਂ ਨੌਜਵਾਨ ਆਮ ਆਦਮੀ ਪਾਰਟੀ ਕੋਲ ਗਏ ਸੀ ਪਰ ਜਦੋਂ ਉਨ੍ਹਾਂ ਹਕੀਕਤ ਦੇਖੀ ਤਾਂ ਉਹ ਕਾਂਗਰਸ ਕੋਲ ਵਾਪਸ ਆ ਰਹੇ ਹਨ। ਹੁਣ ਕਿਹਾ ਕਿ ਹੁਣ ਸੂਬੇ 'ਚ ਆਮ ਲੋਕਾਂ ਦਾ ਰਾਜ ਸਥਾਪਿਤ ਹੋ ਗਿਆ ਹੈ, ਜਿਸ ਕਾਰਨ ਲੋਕ ਕਾਂਗਰਸ ਕੋਲ ਆ ਰਹੇ ਹਨ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਵਿਧਾਇਕਾ ਰੁਪਿੰਦਰ ਰੂਬੀ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਧਾਇਕ ਰੂਬੀ ਉਨ੍ਹਾਂ ਨੂੰ ਮਿਲੇ ਸੀ ਤਾਂ ਉਨ੍ਹਾਂ ਇਹ ਹੀ ਕਿਹਾ ਸੀ ਕਿ ਟਿਕਟ ਮਿਲੇ ਜਾਂ ਨਾ ਮਿਲੇ ਇਸ ਦਾ ਕੋਈ ਫਰਕ ਨਹੀਂ ਪੈਂਦਾ, ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਕਈ ਵਿਧਾਇਕ ਇਹ ਸੋਚ ਰਹੇ ਹਨ ਕਿ ਕਾਂਗਰਸ 'ਚ ਸ਼ਾਮਲ ਹੋਣ ਕਿਉਂਕਿ ਮੌਜੂਦਾ ਪਾਰਟੀ ਕੰਮ ਕਰ ਰਹੀ ਹੈ, ਜੋ ਸਿਸਟਮ ਦੇ ਖਿਲਾਫ਼ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੁਝ ਨਹੀਂ ਜਾਣਦੇ।
ਇਹ ਵੀ ਪੜ੍ਹੋ: ਹਰਪਾਲ ਚੀਮਾ ਨੂੰ ਰੁਪਿੰਦਰ ਰੂਬੀ ਦਾ ਸਿੱਧਾ ਚੈਲੰਜ, ਕਿਹਾ...