ਚੰਡੀਗੜ੍ਹ: ਪੰਜਾਬ ਬਜਟ ਸੈਸ਼ਨ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਆਮ ਆਦਮੀ ਪਾਰਟੀ ਦਾ ਵਫ਼ਦ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਮਿਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਜਟ ਸੈਸ਼ਨ ਨੂੰ 25 ਦਿਨ ਤੱਕ ਚਲਾਉਣ ਦੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਿੱਚ ਬੇਲਗਾਮ ਸ਼ਰਾਬ ਮਾਫੀਏ 'ਤੇ ਨਕੇਲ ਕਸਣ ਲਈ 2 ਪੰਜਾਬ ਸਟੇਟ ਲਿਕਰ ਨਿਗਮ ਬਿੱਲ ਪੇਸ਼ ਕਰਨ ਦੀ ਇਜਾਜ਼ਤ ਮੰਗੀ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਦਿੱਲੀ, ਤਾਮਿਲਨਾਡੂ ਅਤੇ ਹੋਰ ਸੂਬਿਆਂ ਦੀ ਤਰਜ 'ਤੇ ਪੰਜਾਬ ਵਿੱਚ ਸ਼ਰਾਬ ਨਿਗਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਪ੍ਰਾਈਵੇਟ ਬਿੱਲ ਨੂੰ ਸਦਨ ਵਿੱਚ ਪੇਸ਼ ਕੀਤਾ ਜਾਣਾ ਹੈ, ਜਿਸ ਦੀ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਸ਼ਰਾਬ ਖਪਤ ਦੇ ਮਾਮਲੇ ਵਿੱਚ ਪੰਜਾਬ ਸਭ ਤੋਂ ਅੱਗੇ ਹੈ ਜਦਕਿ ਇਸ ਤੋਂ ਸਰਕਾਰ ਨੂੰ ਸਿਰਫ਼ ਸਾਢੇ 5 ਹਜ਼ਾਰ ਕਰੋੜ ਦੀ ਹੀ ਆਮਦਨ ਹੋ ਰਹੀ ਹੈ। ਜੇਕਰ ਇਸ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾਵੇ ਤਾਂ ਸਰਕਾਰ ਨੂੰ 15 ਹਜ਼ਾਰ ਕਰੋੜ ਤੱਕ ਦੀ ਆਮਦਨ ਹੋ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਤਾਮਿਲਨਾਡੂ ਦੇ ਵਿੱਚ ਜੋ ਸ਼ਰਾਬ ਨਿਗਮ ਬਣਿਆ ਹੋਇਆ ਉਸ ਨਾਲ ਸੂਬੇ ਨੂੰ ਲਗਭਗ 30 ਹਜ਼ਾਰ ਕਰੋੜ ਦੀ ਆਮਦਨ ਹੁੰਦੀ ਹੈ।