ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਦਾ ਸਹੀ ਅਤੇ ਸੁਚੇਤ ਹੋ ਕੇ ਪਾਲਣ ਕਰਨ ਵਾਲੇ ਨਾਗਰਿਕਾਂ ਦਾ ਸਨਮਾਨ ਕਰਨ ਦਾ ਫੈਸਲਾ ਲਿਆ ਹੈ। ਇਸ "ਮਿਸ਼ਨ ਫ਼ਤਿਹ ਦੇ ਯੋਧੇ" ਰਾਹੀਂ ਇਨ੍ਹਾਂ ਨਾਗਰਿਕਾਂ ਦਾ ਸਨਮਾਨ ਕੀਤਾ ਜਾਵੇਗਾ।
ਕੋਵਿਡ-19 ਨੂੰ ਰੋਕਣ ਅਤੇ ਇਸ ਦੀ ਤੀਬਰਤਾ ਤੋਂ ਪੰਜਾਬ ਨੂੰ ਬਚਾਉਣ ਲਈ ਵਿਅਕਤੀਗਤ ਅਤੇ ਸਮੂਹਿਕ ਤੌਰ 'ਤੇ ਸਭ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਅਪੀਲ ਕਰਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਖੁਦ ਸਾਵਧਾਨੀਆਂ ਵਰਤਣ ਅਤੇ ਦੂਜਿਆਂ ਨੂੰ ਸੁਰੱਖਿਆ ਉਪਾਅ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕਰਨ ਵਾਲੇ ਨਾਗਰਿਕਾਂ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ ਕੀਤਾ ਜਾਣਾ ਇਸ ਮੁਹਿੰਮ ਦਾ ਹਿੱਸਾ ਹੈ। ਮੁੱਖ ਮੰਤਰੀ ਵੱਲੋਂ ਫੇਸ ਬੁੱਕ ਸੈਸ਼ਨ ਦੌਰਾਨ ਦੱਸਿਆ ਗਿਆ ਕਿ ਮਿਸ਼ਨ ਫ਼ਤਿਹ ਵਾਰੀਅਰ ਦੇ ਟਾਈਟਲ ਮੁਕਾਬਲੇ ਲਈ ਰਜਿਸਟ੍ਰੇਸ਼ਨ ਕੋਵਾ ਐਪ 'ਤੇ 17 ਜੂਨ ਤੋਂ ਸ਼ੁਰੂ ਹੋਵੇਗੀ।
ਮਿਸ਼ਨ ਫ਼ਤਿਹ ਦੇ ਹਿੱਸੇ ਵੱਜੋਂ ਲਾਂਚ ਕੀਤੀ ਇਸ ਯੋਜਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਨਿਯਮਾਂ ਦੀ 4 ਹਫਤਿਆਂ ਲਈ ਰੋਜ਼ਾਨਾਂ ਸਖਤੀ ਨਾਲ ਪਾਲਣਾ ਕਰਨ ਵਾਲੇ ਵਿਅਕਤੀਆਂ ਨੂੰ ਬਰੌਨਜ ਸਰਟੀਫਕੇਟ ਅਤੇ ਇਕ ਟੀ-ਸ਼ਰਟ ਦਿੱਤੀ ਜਾਵੇਗੀ। ਜਦੋਂ ਕਿ ਸਿਲਵਰ ਅਤੇ ਗੋਲਡ ਸਰਟੀਫਕੇਟ ਸਮੇਤ ਟੀ-ਸ਼ਰਟਾਂ ਉਨ੍ਹਾਂ ਵਿਅਕਤੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਅਜਿਹੇ ਹੋਰ ਨੇਮਾਂ ਦੀ ਪਾਲਣਾ ਹਫਤੇ ਅਤੇ ਮਹੀਨੇ ਲਈ ਕ੍ਰਮਵਾਰ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਸਾਰੇ ਸਰਟੀਫਕੇਟਾਂ ਉੱਪਰ ਉਨ੍ਹਾਂ ਵੱਲੋਂ ਨਿੱਜੀ ਤੌਰ 'ਤੇ ਦਸਤਖਤ ਕੀਤੇ ਜਾਣਗੇ।
ਇਸ ਐਪ 'ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਰੋਜ਼ਾਨਾਂ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣ, ਹੱਥ ਧੋਣ, ਸੁਰੱਖਿਅਤ ਫਾਸਲਾ ਰੱਖਣ ਆਦਿ, ਲਈ ਰੋਜ਼ਾਨਾਂ ਪੁਆਇੰਟ ਲੈਣ ਲਈ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਇਸ ਸਾਲਹ ਅਤੇ ਸੁਝਾਅ ਦਿੱਤੇ ਜਾਣ ਨਾਲ ਵੀ ਪੁਆਇੰਟ ਹਾਸਲ ਕੀਤੇ ਜਾ ਸਕਣਗੇ। ਜੇਕਰ ਇਸ ਜ਼ਰੀਏ ਅਸਲ ਵਿੱਚ ਕੋਵਾ ਐਪ ਡਾਊਨਲੋਡ ਹੁੰਦੀ ਹੈ ਜਾਂ ਮਿਸ਼ਨ ਫ਼ਤਿਹ ਵਾਰੀਅਰ ਮੁਕਾਬਲੇ ਲਈ ਰਜਿਸਟ੍ਰੇਸ਼ਨ ਹੁੰਦੀ ਹੈ।
ਕੈਂਬਰਿਜ ਯੂਨੀਵਰਸਿਟੀ ਦੀ ਇਕ ਰਿਪੋਰਟ ਦਾ ਹਵਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਸਕ ਪਹਿਨਣ ਵਰਗੇ ਪਰਖੇ ਜਾ ਚੁੱਕੇ ਉਪਾਵਾਂ ਨੂੰ ਅਪਨਾਉਣ ਨਾਲ ਕੋਵਿਡ ਦੇ ਫੈਲਾਅ ਨੂੰ 75 ਤੋਂ 80 ਫੀਸਦ ਤੱਕ ਰੋਕਿਆ ਜਾ ਸਕਦਾ ਹੈ ਅਤੇ ਇਸ ਨੂੰ ਵਿਚਾਰਦਿਆਂ ਸਾਰੇ ਨਾਗਰਿਕਾਂ ਨੂੰ ਇਨ੍ਹਾਂ ਸੁਰੱਖਿਆ ਨਿਯਮਾਂ ਨੂੰ ਆਪਣੇ ਰੋਜ਼ਾਨਾਂ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ।