ਚੰਡੀਗੜ੍ਹ:ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਉਚੇਰੀ ਸਿੱਖਿਆ ਨਾਲ ਸਬੰਧਤ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਕੋਲੋਂ ਸੁਝਾਅ ਲੈਣ, ਉਨ੍ਹਾਂ ਦੀਆਂ ਸਮੱਸਿਆ ਜਾਣਨ ਅਤੇ ਉਚ ਸਿੱਖਿਆ ਬਾਰੇ ਇਕ ਸਾਂਝੀ ਰਾਏ ਬਣਾਉਣ ਲਈ ਸੱਦੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਜਾੰਬੀ ਭਾਸ਼ਾ, ਸੱਭਿਆਚਾਰ ਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਅਤੇ ਉੱਚ ਸਿੱਖਿਆ ਖੇਤਰ ਵਿੱਚ ਮਿਆਰੀ ਸੁਧਾਰਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੱਖਿਆ ਦਾ ਇੱਕ ਸਾਂਝਾ ਧੁਰਾ ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਸ਼ਾਮਲ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਆਪਸ ਵਿੱਚ ਸੂਚਨਾ, ਗਿਆਨ, ਨਵੇਂ ਵਿਚਾਰਾਂ ਅਤੇ ਬੁਨਿਆਦੀ ਢਾਂਚੇ ਦਾ ਆਦਾਨ-ਪ੍ਰਦਾਨ ਕਰਨਗੀਆਂ। ਇਸ ਤੋਂ ਇਲਾਵਾ ਇਹ ਸੰਸਥਾਵਾਂ ਉਦਯੋਗਾਂ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਸਿੱਖਿਆ ਮੁਹੱਈਆ ਕਰਵਾਉਣਗੀਆਂ।
ਮੰਤਰੀ ਪਰਗਟ ਸਿੰਘ ਨੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਉੱਚ ਸਿੱਖਿਆ ਢਾਂਚੇ ਦਾ ਅਹਿਮ ਹਿੱਸਾ ਦੱਸਦਿਆਂ ਉਨ੍ਹਾਂ ਪਾਸੋਂ ਇਹ ਵੀ ਆਸ ਕੀਤੀ ਕਿ ਉਹ ਨਿਰੋਲ ਵਪਾਰਕ ਪੱਖ ਨੂੰ ਤਰਜੀਹ ਨਾ ਦੇਣ ਕਿਉਂਕਿ ਮਿਆਰੀ ਸਿੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋੜਵੰਦ ਵਰਗ ਲਈ ਵੀ ਉਚ ਸਿੱਖਿਆ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਚੇਰੀ ਸਿੱਖਿਆ ਮੰਤਰੀ ਨੇ ਸਮੂਹ ਯੂਨੀਵਰਸਿਟੀਆਂ-ਕਾਲਜਾਂ ਨੂੰ ਸਿਲੇਬਸ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਖਾਸ ਕਰ ਕੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਇਕ ਵੱਡੀ ਚੁਣੌਤੀ ਹੈ ਕਿ ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਦੀ ਭਰਤੀ ਵਿੱਚ ਪੰਜਾਬੀ ਨੌਜਵਾਨ ਇਸ ਕਰਕੇ ਅਯੋਗ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲੋਂ ਸਰੀਰਕ ਸਿੱਖਿਆ ਟੈਸਟ ਪਾਸ ਨਹੀਂ ਕੀਤਾ ਜਾ ਸਕਦਾ। ਇਹ ਪੰਜਾਬੀਆਂ ਲਈ ਬਹੁਤ ਵੱਡੀ ਵੰਗਾਰ ਹੈ, ਇਸ ਲਈ ਸਾਡੀਆਂ ਸਿੱਖਿਆ ਸੰਸਥਾਵਾਂ ਨੂੰ ਖੇਡਾਂ ਪ੍ਰਤੀ ਸਾਜ਼ਗਾਰ ਮਾਹੌਲ ਸਿਰਜਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਮਸ਼ਹੂਰੀ ਵਾਸਤੇ ਗਾਇਕਾਂ-ਕਲਾਕਾਰਾਂ ਨੂੰ ਬੁਲਾ ਕੇ ਲੱਚਰ ਤੇ ਹਿੰਸਕ ਪ੍ਰਵਿਰਤੀ ਵਾਲੇ ਗਾਣਿਆਂ ਨੂੰ ਉਤਸ਼ਾਹਤ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਲੇ ਸੱਭਿਆਚਾਰ ਨੂੰ ਹੀ ਹੁਲਾਰਾ ਦੇਣ ਲਈ ਉਪਰਾਲੇ ਕਰਨੇ ਚਾਹੀਦੇ ਹਨ।