ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ (gangster Mukhtar Ansari) ਜੋ ਪੰਜਾਬ ਦੀ ਜੇਲ੍ਹ ਵਿੱਚ ਬੰਦ ਰਿਹਾ ਹੈ ਉਸ ਮਾਮਲੇ ਵਿੱਚ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਜੇਲ੍ਹ ਵਿੱਚ ਬੰਦ ਰਹੇ ਗੈਂਗਸਟਰ ਮੁਖਤਿਆਰ ਅੰਸਾਰੀ (gangster Mukhtar Ansari) ਦੇ ਮਾਮਲੇ ਵਿੱਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਅਹਿਮ ਰਿਪੋਰਟ ਸੌਂਪ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਰਿਪੋਰਟ ਵਿੱਚ ਰੋਪੜ ਜੇਲ੍ਹ ਵਿੱਚ ਅੰਸਾਰੀ ਨੂੰ ਵੀਆਈਪੀ ਸਹੂਲਤਾਂ ਦੇਣ ਬਾਰੇ ਕਈ ਅਹਿਮ ਸੂਬਤ ਪੇਸ਼ ਕੀਤੇ ਗਏ ਹਨ। ਇਸ ਮਾਮਲੇ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਹੋਣ ਬਾਰੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਅੰਸਾਰੀ ਨੂੰ ਲੈਕੇ ਸਰਕਾਰ ਹੱਥ ਕੀ ਲੱਗੇ ਸਬੂਤ?:ਸੂਤਰਾਂ ਅਨੁਸਾਰ ਜਾਂਚ ਵਿੱਚ ਸਰਕਾਰ ਹੱਥ ਕਈ ਵੱਡੇ ਸਬੂਤ ਲੱਗੇ ਹਨ। ਕਈ ਵੱਡੇ ਅਫਸਰਾਂ ਅਤੇ ਲੀਡਰਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਦੱਸੀ ਜਾ ਰਹੀ ਹੈ। ਜੇਲ੍ਹ ਮੰਤਰੀ ਬੈਂਸ ਨੇ ਕਿਹਾ ਸੀ ਕਿ ਅੰਸਾਰੀ ਮਾਮਲੇ ਵਿੱਚ ਕਈ ਵੱਡੇ ਲੋਕਾਂ ਦਾ ਹੱਥ ਹੋ ਸਕਦਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਸੀਐਮ ਭਗਵੰਤ ਮਾਨ ਵੱਲੋਂ ਇੱਕ ਹਾਈ ਪਾਵਰ ਕਮੇਟੀ ਬਣਾਈ ਸੀ ਜਿਸ ਸਬੰਧੀ ਜੇਲ੍ਹ ਮੰਤਰੀ ਨੇ ਰਿਪੋਰਟ ਸੀਐਮ ਦੇ ਸਪੁਰਦ ਕਰ ਦਿੱਤੀ ਹੈ ਅਤੇ ਜਲਦ ਹੀ ਸਰਕਾਰ ਕੋਈ ਵੱਡਾ ਐਕਸ਼ਨ ਰਿਪੋਰਟ ਦੇ ਆਧਾਰ ਉੱਤੇ ਲੈ ਸਕਦੀ ਹੈ।
ਜੇਲ੍ਹ ਮੰਤਰੀ ਦਾ ਦਾਅਵਾ: ਇੱਥੇ ਦਈਏ ਕਿ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ਵਿੱਚ ਵੀ ਗੈਂਗਸਟਰ ਅੰਸਾਰੀ ਦਾ ਮੁੱਦਾ (gangster Mukhtar Ansari) ਉਭਾਰਿਆ ਸੀ। ਉਨ੍ਹਾਂ ਦਾ ਦਾਅਵਾ ਕੀਤਾ ਸੀ ਕਿ ਅੰਸਾਰੀ ਨੂੰ ਫਰਜ਼ੀ ਐਫਆਈਆਰ ਦਰਜ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਲ੍ਹ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਮੰਤਰੀ ਨੇ ਕਿਹਾ ਸੀ ਕਿ ਯੂਪੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਪਰ ਪੰਜਾਬ ਤੋਂ ਉੱਤਰ ਪ੍ਰਦੇਸ਼ ਨਹੀਂ ਭੇਜਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਅੰਸਾਰੀ ਨੂੰ ਜੇਲ੍ਹ ਵਿੱਚ ਵੀਆਈਪੀ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਸਨ।