ਚੰਡੀਗੜ੍ਹ: ਸ਼ਹਿਰ 'ਚ 18 ਦਸੰਬਰ ਤੋਂ ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ 2020 ਮਨਾਇਆ ਜਾਵੇਗਾ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ।
ਇਸ ਬਾਰੇ ਦੱਸਦੇ ਹੋਏ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਇਹ ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ 2020, 18 ਦਸੰਬਰ ਤੋਂ 20 ਦਸੰਬਰ ਤੱਕ ਮਨਾਇਆ ਜਾਵੇਗਾ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਵਾਰ ਨੂੰ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦਾ ਵਰਚੁਅਲ ਉਦਘਾਟਨ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤਿੰਨ ਰੋਜ਼ਾ ਸਮਾਗਮ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਟੀ.ਐਸ. ਸ਼ੇਰਗਿੱਲ ਨੇ ਦੱਸਿਆ ਕਿ ਕੋਵਿਡ-19 ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਇਹ ਸਮਾਗਮ 18 ਦਸੰਬਰ ਤੋਂ 20 ਦਸੰਬਰ ਤੱਕ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਨਾਲ ਪਾਕਿਸਤਾਨ ਵਿਰੁੱਧ 1971 ਜੰਗ ਦੀ ਗੋਲਡਨ ਜੁਬਲੀ ਦੇ ਜਸ਼ਨਾਂ ਦਾ ਮੁੱਢ ਬੱਝੇਗਾ। ਜਿਸ ਨੂੰ ਅਗਲੇ ਸਾਲ ਮਨਾਇਆ ਜਾ ਰਿਹਾ ਹੈ। ਜਨਰਲ ਸ਼ੇਰਗਿੱਲ ਨੇ ਅੱਗੇ ਦੱਸਿਆ ਕਿ ਇਸ ਜੰਗ ਵਿੱਚ ਸਾਡੀ ਸ਼ਾਨਦਾਰ ਜਿੱਤ ਨਾਲ ਬੰਗਲਾਦੇਸ਼ ਬਣਿਆ ਸੀ ਜੋ ਭਾਰਤੀ ਫੌਜ ਦੀਆਂ ਮਹਾਨ ਬਹਾਦਰੀ ਪਰੰਪਰਾਵਾਂ ਦੀ ਇਕ ਅਦਭੁੱਤ ਕਥਾ ਹੈ।
ਜਨਰਲ ਸ਼ੇਰਗਿੱਲ ਨੇ ਐਮਐਲਐਫ 2020 ਦੇ ਵਿਸ਼ੇ ਪਿੱਛੇ ਦੇ ਤਰਕ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜੈ ਜਵਾਨ, ਜੈ ਕਿਸਾਨ ਨਾ ਸਿਰਫ ਪੰਜਾਬ ਲਈ ਮਹੱਤਵਪੂਰਨ ਹੈ, ਬਲਕਿ ਸਾਰੇ ਦੇਸ਼ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਕਿਉਂਕਿ ਸਾਡੇ ਜਵਾਨ ਜੋ ਮਾਤ ਭੂਮੀ ਲਈ ਆਪਣਾ ਸਭ ਕੁੱਝ ਵਾਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਉਹ ਵੱਖ-ਵੱਖ ਦਿਹਾਤੀ ਪਿਛੋਕੜਾਂ ਨਾਲ ਸਬੰਧ ਰੱਖਦੇ ਹਨ। ਮਾਤ ਭੂਮੀ ਪ੍ਰਤੀ ਕਿਸਾਨੀ ਤੇ ਫੌਜਿਆਂ ਦੀ ਬੇਮਿਸਾਲ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੋਵਾਂ ਦੇ ਆਪਸੀ ਸੰਬੰਧਾਂ ਨੂੰ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ। ਉਨਾਂ ਉਮੀਦ ਪ੍ਰਗਟਾਈ ਕਿ ਸਾਡੇ ਸਮਾਗਮ ਨਾਲ ਆਲਮੀ ਪੱਧਰ ’ਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਸਮਝਣ ਵਿੱਚ ਹੋਰ ਵਾਧਾ ਹੋਵੇਗਾ।
ਇਹ ਪ੍ਰੋਗਰਾਮ ਐਮਐਲਐਫ ਦੀ ਵੈੱਬਸਾਈਟ, ਫੇਸਬੁੱਕ, ਯੂ-ਟਿਊਬ ਅਤੇ ਸੋਸ਼ਲ ਮੀਡੀਆ ਦੇ ਹੋਰਨਾਂ ਪਲੇਟਫਾਰਮਾਂ ‘ਤੇ ਪੂਰੀ ਦੁਨੀਆਂ ਦੇ ਦਰਸ਼ਕਾਂ ਲਈ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।ਇਸ ਦੇ ਨਾਲ ਹੀ ਇਹ ਫੈਸਟੀਵਲ ਪ੍ਰਸਿੱਧ ਰੱਖਿਆ ਅਧਿਕਾਰੀਆਂ, ਵਿਸ਼ਾ ਮਾਹਰਾਂ ਅਤੇ ਰਾਜਨੀਤਿਕ ਨੇਤਾਵਾਂ ਵਲੋਂ ਰਣਨੀਤਕ ਖੇਤਰੀ ਤੇ ਰਾਸ਼ਟਰੀ ਮਹੱਤਤਾ ਦੇ ਵਿਸ਼ਿਆਂ ’ਤੇ 13 ਪੈਨਲ ਵਿਚਾਰ-ਵਟਾਂਦਰਿਆਂ ਨੂੰ ਹੁਲਾਰਾ ਦੇਣ ਲਈ ਅੰਤਰਰਾਸ਼ਟਰੀ ਪੱਧਰ ਦਾ ਮੰਚ ਪੇਸ਼ ਕਰੇਗਾ। ਜੋਸ਼ ਤੇ ਜਜ਼ਬੇ ਵਾਲੇ 7 ਐਪੀਸੋਡਾਂ ਤੋਂ ਇਲਾਵਾ 85 ਤੋਂ ਵੱਧ ਉੱਘੇ ਬੁਲਾਰਿਆਂ ਅਤੇ ਮਾਹਰਾਂ ਵਲੋਂ 3 ਕਿਤਾਬਾਂ ਬਾਰੇ ਵਿਚਾਰ-ਵਟਾਂਦਰੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਐਮ.ਐਲ.ਐਫ. ਦੀ ਵੈਬਸਾਈਟ ਨੂੰ ਪਹਿਲਾਂ ਹੀ ਦੁਨੀਆ ਭਰ ਦੇ 16 ਲੱਖ ਦਰਸ਼ਕਾਂ ਵਲੋਂ ਦੇਖਿਆ ਤੇ ਪਸੰਦ ਕੀਤਾ ਜਾ ਰਿਹਾ ਹੈ।