ਚੰਡੀਗੜ੍ਹ: ਪਟਿਆਲਾ ਤੋਂ ਕਾਂਗਰਸ ਸਾਂਸਦ ਪ੍ਰਨੀਤ ਕੌਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਪੱਤਰ ਲਿਖਿਆ ਗਿਆ (PRENEET KAUR WROTE A LETTER TO UNION AGRICULTURE MINISTER NARINDER SINGH TOMAR) ਹੈ। ਗਰਮੀ ਕਾਰਨ ਕਣਕ ਦੇ ਝਾੜ ਵਿੱਚ ਆ ਰਹੀ ਕਮੀ ਅਤੇ ਉਸਦੇ ਨੁਕਸਾਨ ਦੀ ਭਰਪਾਈ ਸਬੰਧੀ ਕਾਂਗਰਸ ਸਾਂਸਦ ਵੱਲੋਂ ਪੱਤਰ ਲਿਖਿਆ ਗਿਆ ਹੈ।
ਇਸ ਪੱਤਰ ਵਿੱਚ ਉਨ੍ਹਾਂ ਖੇਤੀ ਬਾੜੀ ਮੰਤਰੀ ਨੂੰ ਦੱਸਿਆ ਕਿ ਮੀਂਹ ਨਾ ਪੈਣ ਕਾਰਨ ਗਰਮੀ ਹੱਦ ਤੋਂ ਵੱਧ ਪਈ ਜਿਸ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਵੀ ਤੋੜ ਦਿੱਤੇ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਗਰਮੀ ਦੇ ਕਾਰਨ ਹਰ ਕਿਸਾਨ ਨੂੰ ਪ੍ਰਤੀ ਏਕੜ 5 ਤੋਂ 7 ਕੁਇੰਟਲ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲਾਂ ਇੱਕ ਕਿੱਲੇ ਵਿੱਚੋਂ ਕਰੀਬ 20 ਤੋਂ 22 ਕੁਇੰਟਲ ਕਣਕ ਨਿੱਕਲਦੀ ਸੀ ਪਰ ਇਸ ਵਾਰ ਪਈ ਜ਼ਿਆਦਾ ਗਰਮੀ ਦੇ ਕਾਰਨ ਇਹ ਝਾੜ ਘਟ ਕੇ 15 ਤੋਂ 17 ਕੁਇੰਟਲ ਤੱਕ ਹੀ ਰਹਿ ਗਿਆ ਹੈ ਜਿਸ ਕਾਰਨ ਅੰਨਦਾਤੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਨੀਤ ਕੌਰ ਨੇ ਦੱਸਿਆ ਕਿ ਕਿਸਾਨ ਨੂੰ ਇੱਕ ਕਿੱਲੇ ਪਿੱਛੇ 10 ਤੋਂ 15 ਹਜ਼ਾਰ ਰੁਪਏ ਦਾ ਹਰਜ਼ਾਨਾ ਝੱਲਣਾ ਪੈ ਰਿਹਾ ਹੈ ਜਿਸ ਕਾਰਨ ਸੂਬੇ ਦਾ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਹੈ।
ਸਾਂਸਦ ਵੱਲੋਂ ਖੇਤੀ ਮੰਤਰੀ ਨੂੰ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ:ਨਿੱਜੀ ਸਕੂਲਾਂ ਖਿਲਾਫ਼ ਮਾਨ ਸਰਕਾਰ ਨੇ ਜਾਰੀ ਕੀਤੇ ਇਹ ਸਖ਼ਤ ਹੁਕਮ