ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ (ਸੰਯੁਕਤ) (Shiromani Akali Dal (United)) ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਜਿਸ ਵਿੱਚ ਦਸ਼ਮੇਸ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (Shri Guru Gobind Singh Ji) ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਪੂਰਵਕ ਕੋਟਿ-ਕੋਟਿ ਨਮਨ ਕੀਤਾ ਗਿਆ। ਇਸ ਉਪਰੰਤ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰੂਪ-ਰੇਖਾ ਉਲੀਕਣ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ।
ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਐਲਾਨ ਕੀਤਾ ਜਾਵੇਗਾ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਥ ਅਤੇ ਪੰਜਾਬ ਵਿਰੋਧੀ ਬਾਦਲ ਦਲ ਅਤੇ ਕਾਂਗਰਸ ਦਾ ਡਟ ਕੇ ਮੁਕਾਬਲਾ ਕਰੇਗੀ। ਉਨ੍ਹਾਂ ਕਿਹਾ ਕਿ ਪੰਥ ਨੂੰ ਢਾਅ ਲਾਉਣ ਵਾਲੇ ਬਾਦਲਾਂ ਦਾ ਸਿੱਖਾਂ ਦੀਆਂ ਸਿਰਮੋਰ ਸੰਸਥਾਵਾਂ ਤੋਂ ਕਬਜਾ ਹਟਾਉਣ, ਸਿੱਖ ਕੌਮ ਨੂੰ ਕੁਚਲਣ ਦੀਆਂ ਕੋਸਿ਼ਸ਼ਾਂ ਕਰਨ ਵਾਲਿਆਂ ਅਤੇ ਸਿੱਖਾਂ `ਤੇ ਬੇਹਤਾਸ਼ਾ ਜ਼ੁਲਮ ਢਾਹੁਣ ਵਾਲੀ ਕਾਂਗਰਸ ਦੀਆਂ ਸਿਆਸੀ ਜੜ੍ਹਾਂ ਪੰਜਾਬ ਦੀ ਧਰਤੀ ਤੋਂ ਪੁੱਟਣੀਆਂ ਬੇਹੱਦ ਲਾਜ਼ਮੀ ਹਨ ਅਤੇ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਵਰਕਰ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹਨ। ਢੀਂਡਸਾ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਦਾ ਟੀਚਾ ਸੱਤਾ ਪ੍ਰਾਪਤੀ ਨਹੀ ਸਗੋਂ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀ ਅਕਾਲੀ ਦਲ ਦੇ ਸਿਧਾਂਤਾਂ `ਤੇ ਪਹਿਰਾ ਦਿੱਤਾ ਅਤੇ ਦਿੰਦੇ ਵੀ ਰਹਾਂਗੇ।