ਚੰਡੀਗੜ੍ਹ: ਸਰਕਾਰੀ ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਭੋਜਨ ਦਿੰਦਾ ਹੈ। ਇਹ ਭੋਜਨ ਹਸਪਤਾਲ 'ਚ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਹਰ ਮਰੀਜ਼ ਦੀ ਡਾਈਟ 'ਚ ਮਾਈਕਰੋ ਤੇ ਮੈਕਰੋ ਪੌਸ਼ਟਿਕ ਤੱਤ ਸ਼ਾਮਲ ਕੀਤੇ ਜਾਂਦੇ ਹਨ। ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਪੀ.ਜੀ.ਆਈ ਦੀ ਤਾਂ ਇੱਥੇ ਤਕਰੀਬਨ 2500 ਬੈੱਡ ਹਨ, ਜਿਨ੍ਹਾਂ ਦਾ ਭੋਜਨ ਪੀ.ਜੀ.ਆਈ ਪ੍ਰਸ਼ਾਸਨ ਵਲੋਂ ਤਿਆਰ ਕੀਤਾ ਜਾਂਦਾ ਹੈ।
ਪੌਸ਼ਟਿਕ ਤੱਤ ਭੋਜਨ 'ਚ ਕੀਤੇ ਜਾਂਦੇ ਹਨ ਸ਼ਾਮਲ
ਚੰਡੀਗੜ੍ਹ ਪੀਜੀਆਈ ਦੀ ਸੀਨੀਅਰ ਡਾਇਟੀਸ਼ਨ ਸੁਨੀਤਾ ਮਲਹੋਤਰਾ ਨੇ ਦੱਸਿਆ ਕਿ ਮਰੀਜ਼ ਦੇ ਭੋਜਨ 'ਚ ਪੌਸ਼ਟਿਕ ਤੱਤ ਬਹੁਤ ਜ਼ਰੂਰੀ ਹਨ, ਜਿਸ 'ਚ ਫੈਟ, ਪ੍ਰੋਟੀਨ, ਕਾਰਬੋਹਾਈਡਰੇਟਸ,ਪੋਟਾਸ਼ੀਅਮ, ਜ਼ਿੰਕ ਸਾਰਾ ਕੁਝ ਸ਼ਾਮਿਲ ਕੀਤਾ ਜਾਂਦਾ ਹੈ।ਕਿਸ ਨੂੰ ਕਿੰਨੀ ਮਾਤਰਾ 'ਚ ਇਹ ਦੇਣਾ ਹੈ, ਇਸ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਹਰ ਮਰੀਜ਼ ਨੂੰ ਫੂਡ ਡਾਈਟ ਸ਼ਡਿਊਲ ਮੁਤਾਬਿਕ ਭੋਜਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਡਾਇਬੀਟਿਕ ਹੁੰਦੇ ਹਨ, ਉਨ੍ਹਾਂ ਨੂੰ ਫਾਈਬਰ ਦੀ ਜ਼ਰੂਰਤ ਹੁੰਦੀ ਹੈ।