ਚੰਡੀਗੜ੍ਹ: ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ (Martyrdom Day of Kartar Singh Sarabha) ਹੈ। ਹਰ ਕੋਈ ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਿਹਾ ਹੈ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੜਾ ਮਹਿਜ਼ 19 ਸਾਲ ਦੀ ਅਣਭੋਲ ਉਮਰੇ 16 ਨਵੰਬਰ 1915 ਵਿੱਚ ਮਾਂ-ਭੂਮੀ ਲਈ ਆਪਣੀ ਜਾਨ ਵਾਰ ਗਿਆ। ਗ਼ਦਰ ਪਾਰਟੀ ਦਾ ਜੋਸ਼ੀਲਾ ਨੌਜਵਾਨ ਕਰਤਾਰ ਸਿੰਘ ਸਰਾਭਾ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸ ਦੀ ਕੀਤੀ ਘਾਲਣਾ ਨੇ ਜੰਗ-ਏ-ਅਜ਼ਾਦੀ ‘ਚ ਅਹਿਮ ਪੜਾਅ ਪੈਦਾ ਕੀਤੇ ਅਤੇ ਸ਼ਹੀਦ ਭਗਤ ਸਿੰਘ ਵਰਗੇ ਹੋਰਨਾਂ ਨੌਜਵਾਨ ਦੇਸ਼ਭਗਤਾਂ ਲਈ ਸਰਾਭਾ ਇੱਕ ਆਦਰਸ਼ ਬਣਿਆ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਤੋਂ ਇਲਾਵਾ ਹੋਰ ਸਿਆਸੀ, ਆਜ਼ਾਦੀ ਪਸੰਦ ਲੋਕਾਂ ਦੇ ਵੱਲੋਂ ਸਰਾਭੇ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਯਾਦ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਆਪ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਿਜਦਾ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਹਰਦੀਰ ਸਿੰਘ ਪੁਰੀ ਦੇ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਕਰਤਾਰ ਸਿੰਘ ਸਰਾਭਾ ਦਾ ਜਨਮ
ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ (District Ludhiana) ਵਿਖੇ ਹੋਇਆ। ਕਰਤਾਰ ਸਿੰਘ ਦੇ ਸਿਰੋਂ ਪਿਤਾ ਮੰਗਲ ਸਿੰਘ ਦਾ ਸਾਇਆ ਛੋਟੀ ਉਮਰੇ ਹੀ ਉੱਠ ਗਿਆ ਸੀ। ਉੁਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮੁੱਖ ਤੌਰ ‘ਤੇ ਉਨ੍ਹਾਂ ਦੇ ਦਾਦਾ ਜੀ ਨੇ ਨਿਭਾਈ। ਮੁੱਢਲੀ ਸਿੱਖਿਆ ਉਨ੍ਹਾਂ ਆਪਣੇ ਜੱਦੀ ਪਿੰਡ ਸਰਾਭਾ ਵਿਖੇ ਲਈ ਅਤੇ ਉਸ ਤੋਂ ਬਾਅਦ ਦਾਖਲਾ ਮਾਲਵਾ ਕਾਲਜ ਲੁਧਿਆਣਾ ਵਿਖੇ ਲਿਆ।
ਕਰਤਾਰ ਸਿੰਘ ਸਰਾਭਾ ਦੀ ਸ਼ਖ਼ਸੀਅਤ
ਮਾਲਵਾ ਕਾਲਜ ਲੁਧਿਆਣਾ ਤੋਂ ਕਰਤਾਰ ਸਿੰਘ ਨੂੰ ਉਨ੍ਹਾਂ ਦੇ ਉੜੀਸਾ ਰਹਿੰਦੇ ਇੱਕ ਚਾਚੇ ਕੋਲ ਭੇਜਿਆ ਗਿਆ ਅਤੇ ਉੱਥੋਂ ਉਨ੍ਹਾਂ ਨੂੰ ਇੱਕ ਸਮੁੰਦਰੀ ਜਹਾਜ਼ ਰਾਹੀਂ ਪੜ੍ਹਾਈ ਕਰਨ ਲਈ ਅਮਰੀਕਾ (USA) ਭੇਜ ਦਿੱਤਾ ਗਿਆ। ਅਮਰੀਕਾ ਪਹੁੰਚਦੇ ਹੀ ਜੋ ਮਾਹੌਲ ਜੋ ਹਾਲਾਤ ਉਨ੍ਹਾਂ ਦੇਖੇ ਤੇ ਮਹਿਸੂਸ ਕੀਤੇ, ਉਨ੍ਹਾਂ ਹਾਲਾਤਾਂ ਨੇ ਹੀ ਕਰਤਾਰ ਸਿੰਘ ਸਰਾਭਾ ਅੰਦਰ ਕ੍ਰਾਂਤੀ ਅਤੇ ਦੇਸ਼ਭਗਤੀ ਦੀ ਜੜ੍ਹ ਲਾਈ। ਉਨ੍ਹਾਂ ਜਦੋਂ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂ ਕਿ ਭਾਰਤੀ ਲੋਕ ‘ਗ਼ੁਲਾਮ’ ਹਨ।
ਗਦਰ ਪਾਰਟੀ (Gadar Party) ਦੇ ਮੈਂਬਰ ਬਣੇ
ਇਸ ਵਰਤਾਰੇ ਤੋਂ ਕਰਤਾਰ ਸਿੰਘ ਸਰਾਭਾ ਨੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੇ ਮੱਥੇ ਤੋਂ ਇਹ ‘ਗ਼ੁਲਾਮੀ’ ਦਾ ਕਲੰਕ ਉਤਾਰਨ ਲਈ ਕਮਰ ਕੱਸ ਲਈ ਅਤੇ 1913 ਵਿੱਚ ਗ਼ਦਰ ਪਾਰਟੀ ਨਾਲ ਜੁੜ ਗਏ। ਗ਼ਦਰ ਨਾਂ ਦੇ ਅਖਬਾਰ ਵਿੱਚ ਕਰਤਾਰ ਸਿੰਘ ਸਰਾਭਾ ਦੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਲੇਖ, ਭਾਰਤੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਜੂਝਣ ਲਈ ਹਲੂਣਾ ਦੇਣ ਲੱਗੇ।
ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ
2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ 63 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਕਰਤਾਰ ਸਿੰਘ ਨੂੰ ਸਭ ਤੋਂ ਖਤਰਨਾਕ ਵਿਦ੍ਰੋਹੀ ਕਰਾਰ ਦਿੰਦੇ ਹੋਏ ਫ਼ਾਂਸੀ ਦੀ ਸਜ਼ਾ ਸੁਣਾਈ ਅਤੇ ਵਤਨਪ੍ਰਸਤੀ ਦੇ ਚਾਨਣ ਮੁਨਾਰੇ, ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਨੂੰ ਲਾਹੌਰ ਵਿੱਚ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।ਅਣਖ ਨਾਲ ਭਰੀ ਪੰਜਾਬ ਦੀ ਜਵਾਨੀ ਦਾ ਚਮਕਦਾ ਉਦਾਹਰਣ ਹੈ ਕਰਤਾਰ ਸਿੰਘ ਸਰਾਭਾ। ਛੋਟੀ ਉਮਰ ‘ਚ ਵੱਡਾ ਕਾਰਨਾਮਾ ਤੇ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮਦਿਨ ਮੌਕੇ ਈਟੀਵੀ ਭਾਰਤ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਾ ਹੈ।
ਇਹ ਵੀ ਪੜ੍ਹੋ:Guru Nanak Gurpurab 2021 ਤੋਂ ਪਹਿਲਾਂ ਖੁੱਲ ਸਕਦਾ ਹੈ ਕਰਤਾਰਪੁਰ ਲਾਂਘਾ