ਚੰਡੀਗੜ੍ਹ: ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਆਕਸੀਜਨ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਮਾਰਕਫੈੱਡ ਨੇ ਆਕਸੀਜਨ ਐਕਸਪ੍ਰੈਸਾਂ ਰਾਹੀਏ ਬੋਕਾਰੋ ਅਤੇ ਹਜ਼ੀਰਾ ਤੋਂ ਸੂਬੇ ਲਈ ਢੁੱਕਵੀਆਂ ਆਕਸੀਜਨ ਸਪਲਾਈਆਂ ਯਕੀਨੀ ਬਣਾਉਣ ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਆਕਸੀਜਨ ਲਿਆਉਣ ਦਾ ਜ਼ਿੰਮਾ ਸੌਂਪਿਆ ਸੀ। ਜਿਸ ਨੇ ਦੋ ਦਿਨਾਂ ਦੇ ਥੋੜ੍ਹੇ ਸਮੇਂ 'ਚ ਆਕਸੀਜਨ ਦਾ ਪ੍ਰਬੰਧ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਰੇਲਵੇ/ਕੌਨਕੋਰ ਨਾਲ, ਵੱਖ-ਵੱਖ ਡਿਵੀਜ਼ਨਾਂ ਜਿਵੇਂ ਕਿ ਉੱਤਰੀ/ਪੱਛਮੀ/ਪੂਰਬੀ 'ਚ ਸੰਪਰਕ ਅਤੇ ਤਾਲਮੇਲ ਕਰਨਾ ਇਕ ਚੁਣੌਤੀ ਸੀ। ਇਸ ਤੋਂ ਇਲਾਵਾ ਇੰਨੇ ਥੋੜ੍ਹੇ ਸਮੇਂ 'ਚ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨਾ ਅਤੇ ਬੋਰਡ 'ਤੇ ਹੈਂਡਲਰਾਂ ਦੀਆਂ ਸੇਵਾਵਾਂ ਲੈਣਾ ਵੀ ਇੱਕ ਚੁਣੌਤੀ ਭਰਿਆ ਕਾਰਜ ਸੀ। ਉਨ੍ਹਾਂ ਸਮੁੱਚੀ ਮਾਰਕਫੈੱਡ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਰਕਫੈਡ ਇਸ ਮੌਕੇ ਇੱਕ ਸੱਚੇ ਯੋਧਾ ਦੀ ਤਰ੍ਹਾਂ ਉੱਭਰ ਕੇ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਹਾਲਾਤਾਂ ਦੌਰਾਨ ਕੋਵਿਡ-19 ਤੋਂ ਪੀੜ੍ਹਤ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੀ ਸਪਲਾਈ ਸਭ ਤੋਂ ਵੱਡੀ ਜ਼ਰੂਰਤ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ, ਪੰਜਾਬ ਵਿੱਚ ਲਕਿਊਡ ਮੈਡੀਕਲ ਆਕਸੀਜਨ (ਐਲ.ਐਮ.ਓ.) ਦਾ ਉਤਪਾਦਨ ਕਰਨ ਵਾਲਾ ਇੱਕ ਵੀ ਵੱਡਾ ਪਲਾਂਟ ਨਹੀਂ ਹੈ। ਜਿਸ ਨਾਲ ਸੂਬੇ ਨੂੰ ਬੋਕਾਰੋ/ਹਜ਼ੀਰਾ, ਜੋ ਕਿ 1500 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਤੋਂ ਕ੍ਰਾਇਓਜੈਨਿਕ ਟੈਂਕਰਾਂ ਰਾਹੀਂ ਆਕਸੀਜਨ ਦਾ ਕੋਟਾ ਚੁੱਕਣ ਲਈ ਮਜਬੂਰ ਹੋਣਾ ਪਿਆ, ਜੋ ਕਿ ਕਾਫ਼ੀ ਮੁਸ਼ਕਿਲ ਭਰਿਆ ਕਾਰਜ ਹੈ। ਰੰਧਾਵਾ ਨੇ ਕਿਹਾ ਕਿ ਸੂਬੇ 'ਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਚਾਰ ਹੋਰ ਕੰਟੇਨਰ ਸ਼ਾਮਲ ਕੀਤੇ ਜਾ ਰਹੇ ਹਨ।