ਚੰਡੀਗੜ੍ਹ: ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਇੱਕ ਵਾਰ ਫੇਰ ਖ਼ਪਤਕਾਰਾਂ ਦਾ ਭਰੋਸਾ ਜਿੱਤਿਆ ਹੈ। ਵਿਗਿਆਨ ਤੇ ਵਾਤਾਵਰਣ ਕੇਂਦਰ (ਸੀ.ਐਸ.ਈ.) ਵੱਲੋਂ ਸ਼ਹਿਦ ਦੀ ਸ਼ੁੱਧਤਾ ਦੇ ਕਰਵਾਏ ਗਏ ਪ੍ਰੀਖਣ ਵਿੱਚੋਂ ਮਾਰਕਫੈਡ ਦਾ ਸੋਹਣਾ ਬਰਾਂਡ ਸ਼ਹਿਦ 100 ਫ਼ੀਸਦੀ ਖਰਾ ਉਤਰਿਆ ਹੈ। ਇਸ ਸ਼ਹਿਦ ਨੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ।
ਇਸ ਵਿਲੱਖਣ ਪ੍ਰਾਪਤੀ ਲਈ ਮਾਰਕਫੈਡ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮਾਰਕਫੈਡ ਲਈ ਵੱਡੇ ਮਾਣ ਅਤੇ ਤਸੱਲੀ ਦੀ ਗੱਲ ਹੈ। ਭਾਰਤ ਵਿੱਚ ਮੌਜੂਦ 13 ਬਰਾਂਡਾਂ ਵਿੱਚੋਂ ਮਾਰਕਫੈਡ ਸੋਹਣਾ ਉਨ੍ਹਾਂ ਤਿੰਨ ਬਰਾਂਡਾ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਕੌਮਾਂਤਰੀ ਮਾਪਦੰਡਾਂ ਉੱਤੇ ਆਧਾਰਿਤ ਸਾਰੇ ਮਹੱਤਵਪੂਰਨ ਟੈਸਟ ਪਾਸ ਕੀਤੇ ਹਨ। ਬਾਕੀ ਦੋ ਬਰਾਂਡ ਸਫੋਲਾ ਤੇ ਨੈਚੂਰਜ਼ ਨੈਕਟਰ ਜਿਨ੍ਹਾਂ ਨੇ ਟੈਸਟ ਪਾਸ ਕੀਤੇ ਹਨ ਜਦੋਂ ਕਿ ਵੱਡੇ ਬਰਾਂਡ ਡਾਬਰ, ਪਤੰਜਲੀ, ਵੈਦਿਆਨਾਥ, ਜੰਡੂ ਆਦਿ ਇਸ ਟੈਸਟ ਪਾਸ ਕਰਨ ਵਿੱਚ ਅਸਫਲ ਰਹੇ ਅਤੇ ਇਨ੍ਹਾਂ ਦੇ ਬਰਾਂਡਾਂ ਵਿੱਚ ਮਿਲਾਵਟ ਸਾਹਮਣੇ ਆਈ ਜੋ ਕੋਵਿਡ-19 ਦੇ ਔਖੇ ਸਮੇਂ ਦੌਰਾਨ ਮਨੁੱਖੀ ਸਿਹਤ ਨਾਲ ਸਮਝੌਤਾ ਕਰਨ ਵਾਲੀ ਗੱਲ ਹੈ।