ਪੰਜਾਬ

punjab

ETV Bharat / city

ਦਰਅਸਲ, ਕਾਂਗਰਸ ਪੰਜਾਬ 'ਚ ਇਹ ਕਰਨਾ ਚਾਹੁੰਦੀ ਹੈ !

ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੀ ਚੋਣ ਵੇਲੇ ਜਿਥੇ ਕਾਂਗਰਸ ਪਾਰਟੀ ਨੇ ਲਗਭਗ ਸਾਰੀਆਂ ਸ਼੍ਰੇਣੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਥੇ ਹੁਣ ਵਿਭਾਗਾਂ ਦੀ ਵੰਡ ਵੀ ਇੱਕ ਤੀਰ ਨਾਲ ਕਈ ਰਾਜਸੀ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਹਿਜ਼ ਸਿੱਖਿਆ ਦਾ ਧੁਰਾ ਸੰਗਰੂਰ ਤੋਂ ਬਦਲ ਕੇ ਜਲੰਧਰ ਹੋ ਗਿਆ ਹੈ, ਜਦੋਂਕਿ ਕੈਬਨਿਟ ਚੋਂ ਬਾਹਰ ਕੱਢੇ ਗਏ ਮੰਤਰੀਆਂ ਦੇ ਮਹਿਕਮੇ ਨਵੇਂ ਮੰਤਰੀਆਂ ਨੂੰ ਦੇ ਕੇ ਕਈ ਖੇਤਰਾਂ ‘ਚ ਦਬਦਬਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

ਦਰਅਸਲ, ਕਾਂਗਰਸ ਪੰਜਾਬ 'ਚ ਇਹ ਕਰਨਾ ਚਾਹੁੰਦੀ ਹੈ !
ਦਰਅਸਲ, ਕਾਂਗਰਸ ਪੰਜਾਬ 'ਚ ਇਹ ਕਰਨਾ ਚਾਹੁੰਦੀ ਹੈ !

By

Published : Sep 28, 2021, 5:00 PM IST

Updated : Sep 29, 2021, 6:51 AM IST

ਇਸ ਤਰ੍ਹਾਂ ਪੈ ਸਕਦਾ ਹੈ ਪ੍ਰਭਾਵ...!

1.ਮੁੱਖ ਮੰਤਰੀ ਚੰਨੀ ਨੇ ਆਪਣੇ ਕੋਲ ਪਰਸੋਨਲ, ਵਿਜੀਲੈਂਸ, ਆਮ ਪ੍ਰਬੰਧ, ਨਿਆਂ, ਕਾਨੂੰਨ ਤੇ ਸੰਸਦੀ ਮਾਮਲੇ, ਸੂਚਨਾ ਤੇ ਲੋਕ ਸੰਪਰਕ, ਆਵੋਹਵਾ, ਮਾਈਨਿੰਗ, ਸ਼ਹਿਰੀ ਹਵਾਬਾਜੀ, ਐਕਸਾਈਜ਼, ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਚਾਰੀ, ਬਿਜਲੀ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਰੱਖੇ ਹਨ। ਜਿਥੇ ਵਿਜੀਲੈਂਸ ਰਾਹੀਂ ਜਿੱਥੇ ਭ੍ਰਿਸ਼ਟਾਚਾਰ ‘ਤੇ ਨਕੇਲ ਕਸੀ ਜਾ ਸਕਦੀ ਹੈ, ਉਥੇ ਹੀ ਰੋਪੜ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮਾਈਨਿੰਗ ਹੁੰਦੀ ਹੈ ਤੇ ਮੁੱਖ ਮੰਤਰੀ ਆਪਣੇ ਮਹਿਕਮੇ ਰਾਹੀਂ ਚਮਕੌਰ ਸਾਹਿਬ ਤੇ ਰੋਪੜ ਖੇਤਰ ਵਿੱਚ ਮਾਈਨਿੰਗ ਨੂੰ ਨੱਥ ਪਾ ਸਕਦੇ ਹਨ। ਬਿਜਲੀ ਮਹਿਕਮੇ ਰਾਹੀਂ ਉਹ ਲੋਕਾਂ ਨੂੰ ਸਮੁੱਚੇ ਸੂਬੇ ਵਿੱਚ ਬਿਜਲੀ ਸਮੱਸਿਆਵਾਂ ਤੋਂ ਨਿਜਾਤ ਦਿਵਾ ਸਕਦੇ ਹਨ।ਐਕਸਾਈਜ਼ ਰਾਹੀਂ ਮਾਲੀਆ ਵਧਾ ਸਕਦੇ ਹਨ। ਕਾਨੂੰਨ ਵਿਭਾਗ ਹੱਥ ਵਿੱਚ ਆਉਣ ਨਾਲ ਹੁਣ ਉਹ ਹਾਈਕੋਰਟ ਵਿੱਚ ਡਰੱਗਜ਼ ਦੇ ਕੇਸਾਂ ਅਤੇ ਹੋਰਨਾਂ ਅਹਿਮ ਮਾਮਲਿਆਂ ਦੀ ਚੰਗੀ ਤਰ੍ਹਾਂ ਪੈਰਵੀ ਕਰਵਾ ਸਕਣਗੇ। ਇਸੇ ਤਰ੍ਹਾਂ ਆਮ ਪ੍ਰਬੰਧਾਂ ਰਾਹੀਂ ਉਹ ਅਫਸਰਸ਼ਾਹੀ ਨੂੰ ਆਪਣੇ ਕੰਟਰੋਲ ਵਿੱਚ ਰੱਖ ਸਕਦੇ ਹਨ ਤੇ ਇਸ ਦੇ ਨਾਲ ਹੀ ਸੂਬੇ ਵਿੱਚ ਬਾਹਰੋਂ ਨਿਵੇਸ਼ ਦੇ ਉਪਰਾਲੇ ਕਰ ਸਕਦੇ ਹਨ।

2.ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਹੁਣ ਗ੍ਰਹਿ ਮੰਤਰਾਲਾ ਆ ਗਿਆ ਹੈ। ਉਹ ਹਮੇਸ਼ਾ ਤੋਂ ਹੀ ਇਹ ਕਹਿੰਦੇ ਆਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਨੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਸਹੁੰ ਚੁੱਕੀ ਸੀ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ਕਾਰਨ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ। ਹੁਣ ਗ੍ਰਹਿ ਵਿਭਾਗ ਉਨ੍ਹਾਂ ਕੋਲ ਆ ਗਿਆ ਹੈ ਤੇ ਇਸ ਨਾਲ ਜਿਥੇ ਉਹ ਕਾਰਵਾਈ ਕਰਨ ਦੀ ਦਿਸ਼ਾ ਵੱਲ ਮਜਬੂਤ ਹੋ ਗਏ ਹਨ, ਉਥੇ ਹੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਖ਼ਦਸੇ ਲਗਾਏ ਜਾਣੇ ਸ਼ੁਰੂ ਹੋ ਗਏ ਸਨ ਕਿ ਅਫਸਰਾਂ ਵਿੱਚ ਫੇਰਬਦਲ ਅਕਾਲੀਆਂ ਨੂੰ ਅੰਦਰ ਦੇਣ ਲਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੇਅਦਬੀ ਕੇਸਾਂ ਦੀ ਜਾਂਚ ਕਰ ਰਹੀ ਸਿੱਟ ਬਾਦਲਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਜੇਲ੍ਹ ਤੇ ਸਹਿਕਾਰਿਤਾ ਵਿਭਾਗ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਹੈ।

3.ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਹੁਣ ਸਿਹਤ ਤੇ ਪਰਿਵਾਰ ਭਲਾਈ ਮਹਿਕਮਾ ਦਿੱਤਾ ਗਿਆ ਹੈ। ਇਹ ਮਹਿਕਮਾ ਪਹਿਲਾਂ ਬਲਬੀਰ ਸਿੰਘ ਸਿੱਧੂ ਕੋਲ ਸੀ। ਅੰਮ੍ਰਿਤਸਰ ਵਿੱਚ ਮੈਡੀਕਲ ਕਾਲਜ ਹੋਣ ਦੇ ਬਾਵਜੂਦ ਵੀ ਸਿਹਤ ਸਹੂਲਤਾਂ ਦੀ ਦਰਕਾਰ ਲਗਾਈ ਜਾਂਦੀ ਰਹੀ ਹੈ। ਹੁਣ ਜਿਵੇਂ ਕਿ ਹਰੇਕ ਮੰਤਰੀ ਆਪੋ ਆਪਣੇ ਖੇਤਰ ਵਿੱਚ ਖਾਸ ਧਿਆਨ ਦਿੰਦਾ ਹੈ ਤਾਂ ਸੋਨੀ ਕੋਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਪ੍ਰਤੀ ਉਮੀਦਾਂ ਹੋਰ ਵੱਧ ਜਾਣਗੀਆਂ ਤੇ ਸੋਨੀ ਵੀ ਇਸ ਦਿਸ਼ਾ ਵੱਲ ਕੰਮ ਕਰ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਡੀਫੈਂਸ ਸਰਵਿਸ ਵੈਲਫੇਅਰ ਤੇ ਫ੍ਰੀਡਮ ਫਾਈਟਰ ਮਹਿਕਮਾ ਵੀ ਆਇਆ ਹੈ। ਪਹਿਲਾਂ ਸੋਨੀ ਕੋਲ ਉਚੇਰੀ ਮੈਡੀਕਲ ਸਿੱਖਿਆ ਮਹਿਕਮਾ ਸੀ।

4.ਬ੍ਰਹਮ ਮੋਹਿੰਦਰਾ ਨੂੰ ਸਥਾਨਕ ਪਹਿਲਾਂ ਵਾਲਾ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਹੀ ਦਿੱਤਾ ਗਿਆ ਹੈ। ਇਹ ਇੱਕ ਵੱਡਾ ਮਹਿਕਮਾ ਹੈ। ਪਹਿਲਾਂ ਇਹ ਮਹਿਕਮਾ ਨਵਜੋਤ ਸਿੱਧੂ ਕੋਲ ਹੁੰਦਾ ਸੀ ਤੇ ਜਦੋਂ ਉਹ ਕੈਬਨਿਟ ਤੋਂ ਅਸਤੀਫਾ ਦੇ ਗਏ ਸੀ, ਉਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਹਿਕਮਾ ਬ੍ਰਹਮ ਮੋਹਿੰਦਰਾ ਨੂੰ ਦਿੱਤਾ ਸੀ। ਬ੍ਰਹਮ ਮੋਹਿੰਦਰਾ ਸਾਬਕਾ ਮੁੱਖ ਮੰਤਰੀ ਦੇ ਨਜ਼ਦੀਕੀ ਹਨ ਤੇ ਇਨ੍ਹਾਂ ਦੇ ਮਹਿਕਮੇ ਵਿੱਚ ਛੇੜਛਾੜ ਨਾ ਕਰਨ ਨਾਲ ਕੈਪਟਨ ਧੜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਬ੍ਰਹਮ ਮੋਹਿੰਦਰਾ ਕੋਲ ਇਸ ਤੋਂ ਇਲਾਵਾ ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਮਹਿਕਮਾ ਵੀ ਹੈ। ਇਹ ਵੀ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਸੀ।

5.ਮਨਪ੍ਰੀਤ ਸਿੰਘ ਬਾਦਲ ਕੋਲ ਮੁੱਖ ਤੌਰ ‘ਤੇ ਵਿੱਤ ਵਿਭਾਗ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਉਨ੍ਹਾਂ ਕੋਲ ਇਹੀ ਮਹਿਕਮਾਸੀ। ਕਾਂਗਰਸ ਪਾਰਟੀ ਨੂੰ ਉਨ੍ਹਾਂ ਦੀਆਂ ਨੀਤੀਆਂ ਪਸੰਦ ਆਈਆਂ ਹਨ। ਮਨਪ੍ਰੀਤ ਬਾਦਲ ਪਹਿਲਾਂ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਸੂਬੇ ਨੂੰ ਆਰਥਕ ਸੰਕਟ ਤੋਂ ਬਾਹਰ ਕੱਢ ਲਿਆ ਹੈ। ਉਨ੍ਹਾਂ ਨੂੰ ਟੈਕਸਟੇਸ਼ਨ, ਗਵਰਨੈਂਸ ਰਿਫਾਰਮਸ, ਯੋਜਨਾ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਮਹਿਕਮੇ ਵੀ ਦਿੱਤੇ ਗਏ ਹਨ। ਕਾਂਗਰਸ ਪਾਰਟੀ ਉਨ੍ਹਾਂ ਕਾਬਲੀਅਤ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹ ਬਠਿੰਡਾ ਤੋਂ ਹੋਣ ਕਾਰਨ ਇਸ ਤਗੜੇ ਮਹਿਕਮੇ ਨਾਲ ਕਾਂਗਰਸ ਪਾਰਟੀ ਨੇ ਉਸ ਖੇਤਰ ਵਿੱਚ ਬਾਦਲਾਂ ਦੇ ਪ੍ਰਭਾਵ ਨੂੰ ਵੀ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ।

6.ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਮਹਿਕਮਿਆਂ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਉਨ੍ਹਾਂ ਕੋਲ ਪਹਿਲਾਂ ਵਾਂਗ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਨ, ਮੱਛੀ ਪਾਲਨ ਤੇ ਡੇਅਰੀ ਵਿਕਾਸ ਮਹਿਕਮੇ ਹੀ ਹਨ। ਹਾਲਾਂਕਿ ਉਹ ਸੁਭਾਅ ਦੇ ਬਹੁਤ ਸ਼ਾਂਤ ਹਨ ਪਰ ਕੈਪਟਨ ਦੇ ਨੇੜਲਿਆਂ ਚੋਂ ਹੋਣ ਦੇ ਬਾਵਜੂਦ ਮੁਹਿੰਮ ਕੈਪਟਨ ਹਟਾਓ ਦੌਰਾਨ ਉਹ ਮਾਝਾ ਐਕਸਪ੍ਰੈਸ ਵਿੱਚ ਸ਼ਾਮਲ ਸੀ ਤੇ ਉਨ੍ਹਾਂ ਇਥੋਂ ਤੱਕ ਕਿਹਾ ਸੀ ਕਿ ਕੈਪਟਨ ਨਾਲ ਕੋਈ ਵੀ ਨਹੀਂ ਰਹੇਗਾ। ਸ਼ਾਇਦ ਉਨ੍ਹਾਂ ਦੇ ਕੰਮਕਾਜ ਨੂੰ ਵੇਖਦਿਆਂ ਹੋਇਆਂ ਇਨ੍ਹਾਂ ਮਹਿਕਮਿਆਂ ਰਾਹੀਂ ਲੋਕਾਂ ਤੱਕ ਬਣੀ ਪਹੁੰਚ ਨੂੰ ਬਰਕਰਾਰ ਰੱਖਣ ਲਈ ਹੀ ਕਾਂਗਰਸ ਨੇ ਕੋਈ ਫੇਰਬਦਲ ਨਹੀਂ ਕੀਤਾ। ਉਹ ਜੱਟ ਸਿੱਖ ਚਿਹਰਾ ਹਨ ਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਨਾਲ ਚੰਗਾ ਰਾਬਤਾ ਬਣਾਈ ਰੱਖਣ ਕਾਰਨ ਬਾਜਵਾ ਇੱਕ ਫਿੱਟ ਮੰਤਰੀ ਸਾਬਤ ਹੋ ਸਕਦੇ ਹਨ।

7.ਅਰੁਣਾ ਚੌਧਰੀ ਨੂੰ ਗੁਰਪ੍ਰੀਤ ਕਾਂਗੜ ਵਾਲਾ ਮਹਿਕਮਾ ਦਿੱਤਾ ਗਿਆ ਹੈ। ਉਨ੍ਹਾਂ ਕੋਲ ਮਾਲ ਵਿਭਾਗ, ਪੁਨਰਵਾਸ ਤੇ ਆਪਦਾ ਪ੍ਰਬੰਧਨ ਮਹਿਕਮਾ ਆਇਆ ਹੈ। ਅਰੁਣਾ ਚੌਧਰੀ ਐਸਸੀ ਸ਼੍ਰੇਣੀ ਨਾਲ ਸਬੰਧਤ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਇਹ ਵੱਡਾ ਮਹਿਕਮਾ ਦੇ ਕੇ ਸਰਕਾਰ ਨੇ ਵੱਡਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਂਝ ਉਨ੍ਹਾਂ ਕੋਲ ਪਹਿਲਾਂ ਵੀ ਚੰਗੇ ਮਹਿਕਮੇ ਰਹੇ ਹਨ। ਪਹਿਲਾਂ ਉਨ੍ਹਾਂ ਕੋਲ ਸਿੱਖਿਆ ਵਿਭਾਗ ਵੀ ਰਹਿ ਚੁੱਕਿਆ ਹੈ ਤੇ ਨਾਲ ਹੀ ਮਹਿਲਾ ਤੇ ਸਮਾਜ ਭਲਾਈ ਮਹਿਕਮਾ ਵੀ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫੇਰ ਵੱਡਾ ਮਹਿਕਮਾ ਦੇ ਕੇ ਮਾਝਾ ਖੇਤਰ ਨੂੰ ਤਗੜਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।

8.ਸੁਖਬਿੰਦਰ ਸਿੰਘ ਸਰਕਾਰੀਆ ਵੀ ਮਾਝੇ ਤੋਂ ਹਨ ਤੇ ਉਨ੍ਹਾਂ ਨੂੰ ਮੁੱਖ ਤੌਰ ‘ਤੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਮਹਿਕਮਾ ਦਿੱਤਾ ਗਿਆ ਹੈ। ਇਹ ਇੱਕ ਵੱਡਾ ਮਹਿਕਮਾ ਹੈ ਤੇ ਪੰਜਾਬ ਦੀਆਂ ਸਾਰੀਆਂ ਕਲੌਨੀਆਂ ਤੇ ਪੁੱਡਾ ਵੱਲੋਂ ਵਿਕਸਤ ਕੀਤੇ ਜਾਂਦੇ ਖੇਤਰ ਇਸੇ ਮਹਿਕਮੇ ਵਿੱਚ ਆਉਂਦੇ ਹਨ। ਸਰਕਾਰੀਆ ਨੂੰ ਇਹ ਮਹਿਕਮਾ ਮਿਲਣ ਨਾਲ ਸਰਹੱਦੀ ਜਿਲ੍ਹਿਆਂ ਵਿੱਚ ਵੀ ਸ਼ਹਿਰੀ ਵਿਕਾਸ ਹੋਣ ਦੀ ਉਮੀਦ ਬੱਝੀ ਹੈ। ਇਸ ਦੇ ਨਾਲ ਹੀ ਸਰਕਾਰੀਆ ਨੂੰ ਵਾਟਰ ਰਿਸੋਰਸੇਜ਼ ਮਹਿਕਮਾ ਵੀ ਦੇ ਦਿੱਤਾ ਗਿਆ ਹੈ।

9.ਰਾਣਾ ਗੁਰਜੀਤ ਸਿੰਘ ਹਾਲਾਂਕਿ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਸੀ ਪਰ ਉਨ੍ਹਾਂ ਦੀ ਕੈਬਨਿਟ ਚੋਂ ਛਾਂਟੀ ਕਰਨੀ ਪਈ ਸੀ ਤੇ ਹੁਣ ਮੁੜ ਮੰਤਰੀ ਬਣਨ ਦੇ ਨਾਲ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਮਹਿਕਮਾ ਦਿੱਤਾ ਗਿਆ ਹੈ। ਇਹ ਮਹਿਕਮਾ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸੀ। ਤਕਨੀਕੀ ਸਿੱਖਿਆ ਮਹਿਕਮਾ ਆਉਣ ਦੇ ਨਾਲ ਕਪੂਰਥਲਾ ਖੇਤਰ ਨੂੰ ਲਾਭ ਪੁੱਜਣ ਦੀ ਉਮੀਦ ਹੈ, ਕਿਉਂਕਿ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਹੀ ਵਿਧਾਇਕ ਹਨ ਤੇ ਉਥੇ ਹੀ ਤਕਨੀਕੀ ਸਿੱਖਿਆ ਯੁਨੀਵਰਸਿਟੀ (ਪੀਟੀਯੂ) ਮੌਜੂਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੰਪਲਾਈਮੈਂਟ ਜੈਨਰੇਸ਼ਨ ਤੇ ਸਿਖਲਾਈ, ਬਾਗਵਾਨੀ ਤੇ ਸਾਇਲ ਤੇ ਵਾਟਰ ਕੰਜਰਵੇਸ਼ਨ ਮਹਿਕਮੇ ਵੀ ਦਿੱਤੇ ਗਏ ਹਨ।

10.ਰਜੀਆ ਸੁਲਤਾਨਾ ਨੂੰ ਹੁਣ ਮਹਿਲਾ ਤੇ ਬਾਲ ਵਿਕਾਸ, ਸਮਾਜਕ ਸੁਰੱਖਿਆ, ਪ੍ਰਿੰਟਿੰਗ ਤੇ ਸਟੇਸ਼ਨਰੀ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਮਹਿਕਮਾ ਦਿੱਤਾ ਗਿਆ ਹੈ। ਮਹਿਲਾ ਤੇ ਬਾਲ ਵਿਕਾਸ ਮਹਿਕਮਾ ਉਨ੍ਹਾਂ ਕੋਲ ਪਹਿਲਾਂ ਵੀ ਸੀ ਪਰ ਇਸ ਵਾਰ ਉਨ੍ਹਾਂ ਕੋਲੋਂ ਮੁੱਖ ਤੇ ਵੱਡਾ ਮਹਿਕਮਾ ਟਰਾਂਸਪੋਰਟ ਖੋਹ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਪਤੀ ਮੁਹੰਮਦ ਮੁਸਤਫਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਕੋਲੋਂ ਟਰਾਂਸਪੋਰਟ ਮਹਿਕਮਾ ਵਾਪਸ ਲੈ ਲਿਆ ਗਿਆ। ਰਜੀਆ ਇਕੱਲੇ ਮੁਹੰਮਦਨ ਮੰਤਰੀ ਹਨ ਤੇ ਉਨ੍ਹਾਂ ਨੂੰ ਮੰਤਰਾਲੇ ਵਿੱਚ ਰੱਖ ਕੇ ਕਾਂਗਰਸ ਪਾਰਟੀ ਨੇ ਇਸ ਸਮਾਜ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ।

11. ਵਿਜੈ ਇੰਦਰ ਸਿੰਗਲਾ ਕੋਲੋਂ ਸਿੱਖਿਆ ਵਿਭਾਗ ਖੋਹ ਲਿਆ ਗਿਆ ਹੈ। ਉਨ੍ਹਾਂ ਕੋਲ ਹੋਰ ਮਹਿਕਮਿਆਂ ਵਿੱਚੋਂ ਪੀਡਬਲਿਊ ਡੀ ਤੇ ਪ੍ਰਬੰਧਕੀ ਸੁਧਾਰ ਮਹਿਕਮੇ ਹਨ। ਪਹਿਲਾਂ ਸਿੰਗਲਾ ਨੇ ਸਿੱਖਿਆ ਮੰਤਰੀ ਰਹਿੰਦਿਆਂ ਇਸ ਖੇਤਰ ਵਿੱਚ ਸੁਧਾਰ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਫੇਰ ਵੀ ਵਿਸ਼ੇਸ਼ਕਰ ਅਧਿਆਪਕਾਂ ਦਾ ਰੋਸ ਘੱਟ ਨਹੀਂ ਹੋ ਸਕਿਆ। ਹੁਣ ਉਨ੍ਹਾਂ ਕੋਲੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਗਿਆ ਹੈ। ਉਂਝ ਉਹ ਹਿੰਦੂ ਚਿਹਰਾ ਹਨ ਤੇ ਕਾਂਗਰਸ ਦੀ ਪੰਜਾਬ ਕੈਬਨਿਟ ਵਿੱਚ ਜਿਆਦਾਤਰ ਜੱਟ ਸਿੱਖ ਚਿਹਰੇ ਹਨ ਤੇ ਅਜਿਹੇ ਵਿੱਚ ਉਨ੍ਹਾਂ ਨੂੰ ਮੰਤਰੀ ਬਣਾ ਕੇ ਹਿੰਦੂਆਂ ਵਿੱਚ ਪੈਠ ਬਣਾਈ ਹੈ।

12. ਭਾਰਤ ਭੂਸ਼ਣ ਆਸ਼ੂ ਦੇ ਮਹਿਕਮੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕੋਲ ਪਹਿਲਾਂ ਵਾਂਗ ਹੀ ਖੁਰਾਕ ਤੇ ਸਪਲਾਈ ਮਹਿਕਮਾਹੀ ਰੱਖਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਵੀ ਕੈਪਟਨ ਧੜੇ ਦਾ ਮੰਨਿਆ ਜਾਂਦਾ ਸੀ ਤੇ ਉਨ੍ਹਾਂ ‘ਤੇ ਵਿਰੋਧੀਆਂ ਨੇ ਕੁਝ ਦੋਸ਼ ਵੀ ਲਗਾਏ ਸੀ। ਇਸ ਦੇ ਬਾਵਜੂਦ ਨਾਂ ਤਾਂ ਉਨ੍ਹਾਂ ਨੂੰ ਕੈਬਨਿਟ ਚੋਂ ਹਿਲਾਇਆ ਗਿਆ ਅਤੇ ਨਾਂ ਹੀ ਉਨ੍ਹਾਂ ਦੇ ਮਹਿਕਮੇ ਵਿੱਚ ਕੋਈ ਫੇਰਬਦਲ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਸਪਸ਼ਟ ਸੁਨੇਹਾ ਹੈ ਕਿ ਕਾਂਗਰਸ ਜਿੱਥੇ ਜੱਟ ਸਿੱਖ ਚਿਹਰਿਆਂ ਨੂੰ ਵੱਧ ਪ੍ਰਤੀਨਿਧਤਾ ਦੇ ਰਹੀ ਹੈ, ਉਥੇ ਹੀ ਹਿੰਦੂ ਮੰਤਰੀਆਂ ਨੂੰ ਵੀ ਕਾਫੀ ਹੱਦ ਤੱਕ ਗੱਫੇ ਦੇ ਕੇ ਸੂਬੇ ਵਿੱਚ ਹਿੰਦੂਆਂ ਨੂੰ ਆਪਣੇ ਪੱਖ ਵਿੱਚ ਰੱਖਣ ਦੇ ਉਪਰਾਲੇ ਕਰ ਰਹੀ ਹੈ।

13.ਕਾਕਾ ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਮਹਿਕਮਾ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇੱਕ ਹੋਰ ਵੱਡਾ ਕਾਰਡ ਖੇਡਿਆ ਹੈ। ਖੇਤੀਬਾੜੀ ਜੱਟ ਸਿੱਖਾਂ ਨਾਲ ਜੁੜਿਆ ਕਿੱਤਾ ਹੈ ਤੇ ਪੇਂਡੂ ਜਨ ਜੀਵਨ ਵਿੱਚ ਵੀ ਖੇਤੀ ਦੀ ਵਿਸ਼ੇਸ਼ ਮਹੱਤਤਾ ਹੈ। ਅਜਿਹੇ ਵਿੱਚ ਇੱਕ ਜੱਟ ਸਿੱਖ ਚਿਹਰੇ ਨੂੰ ਖੇਤੀਬਾੜੀ ਮਹਿਕਮਾ ਦੇ ਕੇ ਕਾਂਗਰਸ ਨੇ ਵੱਡਾ ਲਾਹਾ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਰਣਦੀਪ ਸਿੰਘ ਤੀਜੀ ਵਾਰ ਵਿਧਾਇਕ ਬਣੇ ਹਨ ਤੇ ਉਨ੍ਹਾਂ ਦਾ ਨਾਂ ਅੰਤਮ ਸਮੇਂ ਵਿੱਚ ਮੰਤਰੀ ਮੰਡਲ ਵਿੱਚ ਉਸ ਵੇਲੇ ਸ਼ਾਮਲ ਕੀਤਾ ਗਿਆ, ਜਦੋਂ ਕੁਲਜੀਤ ਸਿੰਘ ਨਾਗਰਾ ਦਾ ਨਾਂ ਕੈਬਨਿਟ ਚੋਂ ਕੱਟਣਾ ਪਿਆ।

14. ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਤੋਂ ਸਬੰਧਤ ਹਨ। ਉਨ੍ਹਾਂ ਨੂੰ ਪਹਿਲੀ ਵਾਰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮਾਜਕ ਨਿਆ, ਸ਼ਕਤੀਕਰਨ ਤੇ ਘੱਟ ਗਿਣਤੀਆਂ ਬਾਰੇ ਮੁੱਖ ਮਹਿਕਮਾ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਲ ਬਾਲਮੀਕ ਸਮਾਜ ਵਿੱਚ ਇੱਕ ਵੱਡੀ ਛਾਪ ਛੱਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਤੇ ਖੋਜ ਅਤੇ ਨਿਊ ਐਂਡ ਰਿਨੀਉਲ ਐਨਰਜੀ ਸੋਰਸਿਜ਼ ਮਹਿਕਮੇ ਵੀ ਦਿੱਤੇ ਗਏ ਹਨ ਤਾਂ ਜੋ ਉਹ ਇਨ੍ਹਾਂ ਖੇਤਰਾਂ ਵਿੱਚ ਸੂਬੇ ਦਾ ਵਿਕਾਸ ਕਰ ਸਕਣ।

15.ਸੰਗਤ ਸਿੰਘ ਗਿਲਜੀਆਂ ਪਹਿਲੀ ਵਾਰ ਮੰਤਰੀ ਬਣੇ ਹਨ। ਉਨ੍ਹਾਂ ਨੂੰ ਜੰਗਲਾਤ, ਜੰਗਲੀ ਜੀਵ ਤੇ ਕਿਰਤ ਮਹਿਕਮਾ ਦਿੱਤਾ ਗਿਆ ਹੈ। ਜੰਗਲਾਤ ਤੇ ਜੰਗਲੀ ਜੀਵ ਮਹਿਕਮਾ ਅਕਸਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਧਾਇਕਾਂ ਤੋਂ ਮੰਤਰੀ ਬਣਨ ਵਾਲਿਆਂ ਨੂੰ ਹੀ ਮਿਲਦਾ ਹੈ। ਇਹ ਖੇਤਰ ਨੀਮ ਪਹਾੜੀ ਖੇਤਰ ਹੈ ਅਤੇ ਇਸ ਖੇਤਰ ਨਾਲ ਜੁੜੇ ਵਿਧਾਇਕਾਂ ਨੂੰ ਇਹ ਮਹਿਕਮਾ ਦੇ ਕੇ ਜਿੱਥੇ ਸਬੰਧਤ ਖਿੱਤੇ ਦਾ ਵਿਕਾਸ ਹੋ ਸਕਦਾ ਹੈ, ਉਥੇ ਇਸ ਨਾਲ ਮਿਲਣ ਵਾਲੇ ਲਾਭ ਵੀ ਉਥੋਂ ਦੇ ਲੋਕਾਂ ਨੂੰ ਮਿਲਣਗੇ। ਅਕਾਲੀ ਸਰਕਾਰ ਵੇਲੇ ਤੀਕਸ਼ਣ ਸੂਦ ਵੀ ਵਣ ਮੰਤਰੀ ਹੀ ਰਹੇ ਸੀ ਤੇ ਹੁਣ ਕਾਂਗਰਸ ਨੇ ਵੀ ਇਸੇ ਖੇਤਰ ਦੇ ਵਿਧਾਇਕ ਨੂੰ ਜੰਗਲਾਤ ਮੰਤਰਾਲਾ ਸੌਂਪਿਆ ਹੈ।

16.ਪਰਗਟ ਸਿੰਘ ਨੂੰ ਉਨ੍ਹਾਂ ਦੇ ਖੇਤਰ ਮੁਤਾਬਕ ਖੇਡ ਤੇ ਯੁਵਕ ਭਲਾਈ ਮੰਤਰਾਲਾ ਤਾਂ ਮਿਲਿਆ ਹੀ ਹੈ, ਸਗੋਂ ਪਾਰਟੀ ਪ੍ਰਧਾਨ ਨਾਲ ਨਜਦੀਕੀਆਂ ਹੋਣ ਦਾ ਫਲ ਵੀ ਮਿਲਿਆ ਹੈ। ਵਿਜੈ ਇੰਦਰ ਸਿੰਗਲਾ ਤੋਂ ਸਿੱਖਿਆ ਮੰਤਰਾਲਾ ਖੋਹ ਕੇ ਪਰਗਟ ਸਿੰਘ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ ਖੇਤਰ ਵਿੱਚ ਤਾਲਮੇਲ ਰੱਖਣ ਲਈ ਉਚੇਰੀ ਸਿੱਖਿਆ ਮਹਿਕਮਾ ਵੀ ਪਰਗਟ ਸਿੰਘ ਨੂੰ ਹੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ ਮਹਿਕਮਾ ਇੱਕੋ ਮੰਤਰੀ ਕੋਲ ਨਹੀਂ ਰਿਹਾ। ਪਰਗਟ ਸਿੰਘ ਇੱਕ ਸੂਝਵਾਨ ਸਖ਼ਸ਼ੀਅਤ ਹਨ ਤੇ ਉਂਝ ਵੀ ਜਲੰਧਰ ਖੇਤਰ ਤੋਂ ਖੇਡ ਵਧੇਰੇ ਪ੍ਰਫੁੱਲਤ ਹੁੰਦੀ ਹੈ ਤੇ ਪਰਗਟ ਸਿੰਘ ਨੂੰ ਹਮੇਸ਼ਾ ਤੋਂ ਹੀ ਇਹ ਮਹਿਕਮਾ ਮਿਲਦਾ ਆਇਆ ਹੈ, ਜਿਸ ਨਾਲ ਖੇਡਾਂ ਨੂੰ ਪ੍ਰੋਤਸਾਹਨ ਮਿਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

17. ਅਮਰਿੰਦਰ ਸਿੰਘ ਰਾਜਾ ਵੜਿੰਗ ਹਮੇਸ਼ਾ ਤੋਂ ਹੀ ਬਾਦਲਾਂ ਦੀ ਟਰਾਂਸਪੋਰਟ ਵਿਰੁੱਧ ਬੋਲਦੇ ਆਏ ਹਨ। ਉਹ ਸੂਬੇ ਵਿੱਚ ਟਰਾਂਸਪੋਰਟ ‘ਤੇ ਏਕਾਧਿਕਾਰ ਦੀ ਵਿਰੋਧਤਾ ਕਰਦੇ ਰਹੇ ਹਨ ਤੇ ਜਦੋਂ ਤੋਂ ਮੰਤਰੀ ਬਣੇ ਹਨ, ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਟਰਾਂਸਪੋਰਟ ਮਹਿਕਮਾ ਮਿਲੇ ਤੇ ਇਸੇ ਕਾਰਨ ਪਹਿਲੀ ਵਾਰ ਮੰਤਰੀ ਬਣੇ ਇਸ ਨੌਜਵਾਨ ਜੱਟ ਸਿੱਖ ਚਿਹਰੇ ਨੂੰ ਕਾਂਗਰਸ ਨੇ ਟਰਾਂਸਪੋਰਟ ਮਹਿਕਮਾ ਦੇ ਦਿੱਤਾ ਹੈ। ਇਸ ਨਾਲ ਹੁਣ ਬਾਦਲਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚਣੀਆਂ ਸੁਭਾਵਿਕ ਹੈ। ਬਾਦਲਾਂ ਦੀ ਟਰਾਂਸਪੋਰਟ ਪੰਜਾਬ ਵਿੱਚ ਇੱਕ ਵੱਡਾ ਚੋਣ ਮੁੱਦਾ ਰਹਿੰਦਾ ਹੈ। ਇਸ ਤਰ੍ਹਾਂ ਨਾਲ ਮਾਲਵੇ ਦੇ ਰਾਜਾ ਵੜਿੰਗ ਨੂੰ ਟਰਾਂਸਪੋਰਟ ਮਹਿਕਮਾ ਦੇ ਕੇ ਕਾਂਗਰਸ ਨੇ ਵੱਡੀ ਚਾਲ ਖੇਡੀ ਹੈ।

18.ਗੁਰਕੀਰਤ ਸਿੰਘ ਕੋਟਲੀ ਪਹਿਲੀ ਵਾਰ ਮੰਤਰੀ ਬਣੇ ਹਨ। ਹਾਲਾਂਕਿ ਉਹ ਪੰਜਾਬ ਵਜਾਰਤ ਵਿੱਚ ਤੀਜੀ ਪੀੜ੍ਹੀ ਹਨ ਤੇ ਉਨ੍ਹਾਂ ਦੇ ਪਰਿਵਾਰ ਚੋਂ ਪਹਿਲਾਂ ਤਿੰਨ ਮੈਂਬਰ ਮੰਤਰਾਲਿਆਂ ਦਾ ਸੁਖ ਭੋਗ ਚੁੱਕੇ ਹਨ। ਪਹਿਲਾਂ ਸਵਰਗੀ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਤੇ ਫੇਰ ਤੇਜ ਪ੍ਰਕਾਸ਼ ਸਿੰਘ ਟਰਾਂਸਪੋਰਟ ਮੰਤਰੀ ਰਹੇ ਇਸ ਦੇ ਨਾਲ ਹੀ ਗੁਰਕੰਵਲ ਕੌਰ ਸਮਾਜ ਭਲਾਈ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਰਹੇ। ਹੁਣ ਗੁਰਕੀਰਤ ਕੋਟਲੀ ਮੰਤਰੀ ਬਣੇ ਹਨ। ਇਸ ਤਰ੍ਹਾਂ ਨਾਲ ਇਸ ਪਰਿਵਾਰ ਨੂੰ ਕਾਂਗਰਸ ਨੇ ਪੂਰਾ ਮਾਣ ਦਿੱਤਾ ਹੈ ਤੇ ਕੋਟਲੀ ਨੂੰ ਬਕਾਇਦਾ ਮਹਿਕਮੇ ਵੀ ਦਿੱਤੇ ਹਨ। ਕੋੇਟਲੀ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਇਹ ਸਨਅਤੀ ਖੇਤਰ ਹੈ ਤੇ ਗੁਰਕੀਰਤ ਨੂੰ ਸਨਅਤਾਂ ਅਤੇ ਵਣਜ ਮੰਤਰਾਲੇ ਸੌਂਪਿਆ ਗਿਆ ਹੈ। ਇਸ ਨਾਲ ਕਾਂਗਰਸ ਸਨਅਤਕਾਰਾਂ ਨੂੰ ਆਪਣੇ ਪੱਖ 'ਚ ਲਿਆਉਣ ਲਈ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਸੂਚਨਾ ਤਕਨਾਲੋਜੀ ਤੇ ਵਿਗਿਆਨ ਤੇ ਤਕਨੀਕ ਮਹਿਕਮੇ ਵੀ ਹਨ।

Last Updated : Sep 29, 2021, 6:51 AM IST

ABOUT THE AUTHOR

...view details