ਚੰਡੀਗੜ੍ਹ: ਹਰਿਆਣਾ ਸੂਬੇ ਵਿੱਚ ਨਵੰਬਰ 1984 ਨੂੰ ਵਾਪਰੇ ਹੋਂਦ ਚਿੱਲੜ ਕਾਂਡ ਦੇ ਮੁਲਜ਼ਮਾਂ ਵਿਰੁੱਧ ਜਲਦ ਕਰਵਾਈ ਦੀ ਮੰਗ ਨੂੰ ਲੈ ਕੇ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਸ ਦੇ ਸਾਥੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕਰ ਧਰਨਾ ਦਿੱਤਾ। ਇਸ ਧਰਨੇ ਦਰਮਿਆਨ ਇੱਕ ਵਫਦ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੂੰ ਮੰਗ ਪੱਤਰ ਦਿੱਤਾ।
ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਮਨਵਿੰਦਰ ਸਿੰਘ ਨੇ ਕਿਹਾ ਕਿ ਹੋਂਦ ਵਿੱਚ 32 ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਇੱਕ ਸਿੱਖ ਫ਼ੌਜੀ ਇੰਦਰਜੀਤ ਸ਼ਾਮਲ ਸੀ ਤੇ ਗੁੜਗਾਉ ਵਿੱਚ 30 ਸਿੱਖਾ ਦਾ ਕਤਲੇਆਮ ਹੋਇਆ ਤੇ ਪਟੌਦੀ ਵਿੱਚ 17 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਇਸ ਕਤਲੇਆਮ ਤੋਂ ਬਾਅਦ ਇੱਕ ਜਸਟਿਸ ਸੀਪੀ ਗਰਗ ਕਮੀਸ਼ਨ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਸਟਿਸ ਸੀਪੀ ਗਰਗ ਕਮੀਸ਼ਨ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਹੋਂਦ ਚਿੱਲੜ ਗੁੜਗਾਉ ਪਟੌਦੀ ਦੇ ਕਤਲੇਆਮ ਵਿੱਚ ਚਾਰ ਅਫਸਰ ਐਸ.ਪੀ ਸਤਿੰਦਰ ਕੁਮਾਰ, ਡੀਐਸਪੀ ਰਾਮਪਾਲ, ਐਸਆਈ ਰਾਮ ਕਿਸ਼ੌਰ ਤੇ ਰਾਮ ਕੁਮਾਰ ਜ਼ਿੰਮੇਵਾਰ ਹਨ ਜ਼ਿਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।