ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਲਗਪਗ ਖ਼ਤਮ ਹੋ ਚੁੱਕਿਆ ਹੈ ਅਤੇ ਹੁਣ ਸੋਨੀਆ ਗਾਂਧੀ ਵੱਲੋਂ ਫਰਮਾਨ ਜਲਦੀ ਸੁਣਾਇਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਤਰੀ ਮੰਡਲ ਦੇ ਵਿੱਚ ਕਈ ਮੰਤਰੀਆਂ ਦੇ ਮਹਿਕਮੇ ਬਦਲੇ ਜਾਣਗੇ ਤੇ 2 ਨਵੇਂ ਮੰਤਰੀਆਂ ਨੂੰ ਥਾਂ ਮਿਲੇਗੀ, ਜਿਨ੍ਹਾਂ ਵਿਚੋਂ ਇੱਕ ਨਵਜੋਤ ਸਿੰਘ ਸਿੱਧੂ ਦਾ ਖਾਲੀ ਪਿਆ ਅਹੁਦਾ ਭਰਨਾ ਹੈ ਅਤੇ ਦੂਜਾ ਮਾਝੇ ਦਾ ਇੱਕ ਮੰਤਰੀ ਹਟਾ ਕੇ ਮਾਲਵੇ ਵਿੱਚੋਂ ਮੰਤਰੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜੋ: ਸਿੱਧੂ ਨੂੰ ਕੈਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਨਾਲ ਫਾਇਦਾ ਹੋਵੇਗਾ ਜਾਂ ਨੁਕਸਾਨ, ਵੇਖੋ ਰਿਪੋਰਟ
ਹੁਣ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਹਨ ਕਿ ਪੰਜ ਵਾਰ ਵਿਧਾਇਕ ਰਹਿ ਚੁੱਕੇ ਸੁਰਿੰਦਰ ਡਾਵਰ ਨੂੰ ਮੰਤਰੀ ਬਣਾਇਆ ਜਾ ਸਕਦਾ ਅਤੇ ਦੋਆਬੇ ਵਿੱਚ ਓਬੀਸੀ ਵਰਗ ਦੀ ਨੁਮਾਇੰਦਗੀ ਕਰਦੇ ਸੰਗਤ ਸਿੰਘ ਗਿਲਜੀਆਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ, ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਓਬੀਸੀ ਵਰਗ ਵੱਲੋਂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਸੀ, ਕਿ ਉਨ੍ਹਾਂ ਦੇ ਵਰਗ ਦੀ ਨੁਮਾਇੰਦਗੀ ਕਰਨ ਵਾਲਾ ਮੰਤਰੀ ਮੰਡਲ ਵਿੱਚ ਇੱਕ ਵੀ ਮੰਤਰੀ ਨਹੀਂ ਹੈ। ਉੱਥੇ ਹੀ ਦੋਆਬੇ ਵਿੱਚ ਨਵਤੇਜ ਚੀਮਾ ਵੀ ਲਗਾਤਾਰ ਮੰਤਰੀ ਬਣਨ ਦੀਆਂ ਖ਼ਬਰਾਂ ਲੀਕ ਕਰਵਾ ਰਹੇ ਹਨ।
ਪੰਜਾਬ ਮੰਤਰੀ ਮੰਡਲ ਵਿੱਚ ਹੋ ਸਕਦੇ ਨੇ ਵੱਡੇ ਬਦਲਾਅ ਇਹ ਵੀ ਦੱਸਣਯੋਗ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਭਰਿਆ ਜਾਂਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਲਗਪਗ ਪੱਕਾ ਹੋ ਜਾਵੇਗਾ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਦੇਖਣਾ ਚਾਹੁੰਦੇ ਅਤੇ ਉਨ੍ਹਾਂ ਵੱਲੋਂ ਹਾਈ ਕਮਾਨ ਕੋਲ 2 ਐਕਟਿੰਗ ਪ੍ਰਧਾਨ ਲਗਾਏ ਜਾਣ ਦਾ ਫਾਰਮੂਲਾ ਵੀ ਦਿੱਤਾ ਹੈ, ਜਿਨ੍ਹਾਂ ਵਿੱਚ ਹਿੰਦੂ ਚਿਹਰੇ ਵਿਜੈ ਇੰਦਰ ਸਿੰਗਲਾ ਦਾ ਨਾਮ ਸਭ ਤੋਂ ਮੂਹਰੇ ਚੱਲ ਰਿਹਾ ਹੈ। ਜੇਕਰ ਵਿਜੈ ਇੰਦਰ ਸਿੰਗਲਾ ਨੂੰ ਐਕਟਿੰਗ ਪ੍ਰਧਾਨ ਨਹੀਂ ਲਗਾਇਆ ਜਾਂਦਾ ਤਾਂ ਦੂਜਾ ਚਿਹਰਾ ਅਸ਼ਵਨੀ ਸੇਖੜੀ ਦਾ ਹੋਵੇਗਾ।
ਅਸ਼ਵਨੀ ਸੇਖੜੀ ਦਾ ਨਾਮ ਇਸ ਕਾਰਨ ਵੀ ਪੱਕਾ ਮੰਨਿਆ ਜਾ ਰਿਹਾ ਕਿਉਂਕਿ ਸੁਨੀਲ ਜਾਖੜ ਵੀ ਪੁਰਾਣੇ ਟਕਸਾਲੀ ਹਿੰਦੂ ਲੀਡਰ ਹਨ ਅਤੇ ਅਸ਼ਵਨੀ ਸੇਖੜੀ ਵੀ ਅਤੇ ਦੂਜਾ ਪੱਖ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਸੁਨੀਲ ਜਾਖੜ ਲੜਦੇ ਹਨ ਜਿੱਥੇ ਜ਼ਿਆਦਾਤਰ ਹਿੰਦੂ ਵੋਟ ਬੈਂਕ ਹੈ ਤੇ ਅਸ਼ਵਨੀ ਸੇਖੜੀ ਨੂੰ ਅਕਾਲੀ ਦਲ ਵਿੱਚ ਨਾ ਜਾਣ ਦੇ ਬਦਲੇ ਐਕਟਿੰਗ ਪ੍ਰਧਾਨ ਦਾ ਅਹੁਦਾ ਦਿੱਤੇ ਜਾਣ ਦੀਆਂ ਖ਼ਬਰਾਂ ਹਨ।
ਹਾਲਾਂਕਿ ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਸਕਦਾ ਹੈ ਤਾਂ ਉੱਥੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ: ਲੜਾਈ ਕੈਪਟਨ ਨਾਲ ਨਹੀਂ ਮੁੱਦਿਆਂ ਦੀ ਹੈ- ਸੁਖਜਿੰਦਰ ਰੰਧਾਵਾ