ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਹੋਈ ਕੈਬਿਨੇਟ ਮੀਟਿੰਗ ਤੋਂ ਬਾਅਦ ਸੂਬੇ ਦੀਆਂ ਸਿਆਸੀ ਪਾਰਟੀਆਂ ਦੀਆਂ ਟਿੱਪਣੀਆਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਨ ਆਗੂ ਅਤੇ ਹਲਕਾ ਮਜੀਠਾ ਤੋਂ ਵਿਧਾਇਕ ਬਿਕਰਮ ਸਿੰਘ ਮੀਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸਰਕਾਰ ਤੋਂ ਮੁਹਰਲੀ ਕਤਾਰ 'ਚ ਲੜ੍ਹ ਰਹੇ ਡਾਕਟਰਾਂ , ਸਿਹਤ ਕਰਮੀਆਂ, ਪੁਲਿਸ ਅਤੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ ਦੀ ਮੰਗ ਕੀਤੀ ਹੈ।
ਮੀਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਕਰਮੀਆਂ ਲਈ ਸੁਰੱਖਿਆ ਪ੍ਰਬੰਧਾਂ ਵਿਚ ਵਾਧਾ ਕਰਨ। ਇਸ ਤੋਂ ਇਲਾਵਾ ਪਾਰਟੀ ਨੇ ਕੋਵਿਡ-19 ਖ਼ਿਲਾਫ ਲੜਾਈ ਵਿਚ ਪ੍ਰਾਈਵੇਟ ਹਸਤਪਾਲਾਂ ਨੂੰ ਸਰਗਰਮੀ ਨਾਲ ਭਾਗ ਲੈਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਅਤੇ ਸੂਬੇ ਅੰਦਰ ਕੋਰੋਨਾ ਪੀੜਤਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦਿੱਤੇ ਜਾਣ ਦੀ ਵਕਾਲਤ ਵੀ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿਚ ਇਹ ਸਾਰੇ ਸੁਝਾਅ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇਕਿਹਾ ਹੈ ਕਿ ਪੰਜਾਬ ਵਿਚ ਵੈਂਟੀਲੇਟਰਾਂ, ਟੈਸਟਿੰਗ ਕਿਟਾਂ ਅਤੇ ਪੀਪੀਈ ਕਿਟਾਂ ਦੀ ਭਾਰੀ ਕਮੀ ਕਰਕੇ ਕੋਵਿਡ-19 ਖ਼ਿਲਾਫ ਲੜਾਈ ਵਿਚ ਇਹ ਲਗਾਤਾਰ ਪਛੜਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਸਿਰਫ 123 ਵੈਂਟੀਲੇਟਰ ਹਨ ਅਤੇ ਬਹੁਤ ਸਾਰੇ ਜ਼ਿਲ੍ਹਿਆਂ ਅੰਦਰ ਸਰਕਾਰੀ ਹਸਪਤਾਲਾਂ ਵਿਚ ਇੱਕ ਵੀ ਵੈਂਟੀਲੇਟਰ ਨਹੀਂ ਹੈ।