ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਲਈ ਕਾਂਗਰਸ ਹਾਈ ਕਮਾਨ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ 'ਚ ਆਪਣਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਚਰਨਜੀਤ ਚੰਨੀ ਨੇ ਰੇਤ ਮਾਫ਼ੀਆ ਦੀ ਪ੍ਰਧਾਨਗੀ ਕੀਤੀ ਤੇ ਸੂਬੇ 'ਚ ਕੁਦਰਤੀ ਸਰੋਤਾਂ ਦੀ ਲੁੱਟ ਲੋਕਾਂ ਸਾਹਮਣੇ ਆਈ। ਉਸ ਤੋਂ ਮਿਲਿਆ ਹਿੱਸਾ ਉਪਰ ਹਾਈ ਕਮਾਨ ਤੱਕ ਪਹੁੰਚਿਆ ਹੈ। ਇਹ ਚੰਨੀ ਦੀ ਚੋਣ ਲਈ ਇੱਕ ਵੱਡਾ ਕਾਰਨ ਹੈ। ਉਹਨਾਂ ਕਿਹਾ ਕਿ ਚੰਨੀ ਨੇ ਸੂਬੇ ਦੀ ਅੰਨੀ ਲੁੱਟ ਕੀਤੀ ਹੈ ਤੇ ਪੰਜਾਬ 'ਚ ਰੇਤ ਮਾਫ਼ੀਆ ਦੇ ਉਹ ਸਰਗਰਨਾ ਹਨ। ਉਹਨਾਂ ਕਿਹਾ ਕਿ ਚੰਨੀ ਦੇ ਭਾਣਜੇ ਤੋਂ ਮਿਲੇ ਲੁੱਟ ਦੇ 11 ਕਰੋੜ ਰੁਪਏ ਉਹਨਾਂ ਦੀ ਇਸ ਧੰਦੇ 'ਚ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਨ।