ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਦੇ ਭਾਸ਼ਣ 'ਤੇ ਆਪਣਾ ਜਵਾਬ ਪੇਸ਼ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਅੰਦਰ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਵਾਰ-ਵਾਰ ਵਿਧਾਇਕਾਂ ਨੂੰ ਆਪਣੀ ਸੀਟ 'ਤੇ ਜਾਣ ਵਾਸਤੇ ਕਿਹਾ ਗਿਆ 'ਪਰ ਲਗਾਤਾਰ ਵਿਧਾਇਕ ਸਪੀਕਰ ਦੀ ਵੇਲ ਕੋਲ ਜਾ ਕੇ ਨਾਅਰੇਬਾਜ਼ੀ ਕਰਦੇ ਰਹੇ।
ਇਸ ਰੌਲੇ ਰੱਪੇ ਕਾਰਨ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਇੱਕ ਵਾਰ 15 ਮਿੰਟ ਵਾਸਤੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ। 15 ਮਿੰਟ ਬਾਅਦ ਮੁੜ ਤੋਂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਬਾਰਾ ਰਾਜਪਾਲ ਦੇ ਭਾਸ਼ਨ ਤੇ ਆਪਣਾ ਜਵਾਬ ਰੱਖਣਾ ਸ਼ੁਰੂ ਕੀਤਾ ਗਿਆ ਪਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਖੜ੍ਹੇ ਹੋ ਗਏ ਅਤੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਝੂਠ ਨਾ ਪੜ੍ਹੋ।
ਪੰਜਾਬ ਵਿਧਾਨ ਸਭਾ ਸਪੀਕਰ ਲਗਾਤਾਰ ਵਿਧਾਇਕਾਂ ਨੂੰ ਕਹਿੰਦੇ ਰਹੇ ਕਿ ਜੇ ਤੁਸੀਂ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਵੋਗੇ ਤਾਂ ਤੁਹਾਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਜਾਏਗਾ, ਹਾਲਾਂਕਿ ਇਹ ਗੱਲ ਸੁਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਥੋੜ੍ਹਾ ਸ਼ਾਂਤ ਹੋਏ। ਪਰ ਜਦੋਂ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਨਗਰ ਨਿਗਮ ਦੀਆਂ ਚੋਣਾਂ ਬੜੇ ਸ਼ਾਂਤਮਈ ਢੰਗ ਨਾਲ ਅਤੇ ਨਿਰਪੱਖ ਹੋਈਆਂ ਹਨ। ਕੋਰੋਨਾ ਦੌਰਾਨ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਮੁੱਖ ਮੰਤਰੀ ਵੱਲੋਂ ਗਿਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਸੁਣ ਕੇ ਕੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਖੜ੍ਹੇ ਹੋ ਗਏ ਅਤੇ ਬੋਲਿਆ ਕਿ ਜੇ ਇੰਤਜ਼ਾਮ ਇੰਨੇ ਹੀ ਚੰਗੇ ਸਨ ਤਾਂ 5875 ਮੌਤਾਂ ਪੰਜਾਬ ਦੇ ਵਿੱਚ ਕਿਉਂ ਹੋ ਗਈਆਂ, ਕਿਉਂਕਿ ਸਿਹਤ ਮੰਤਰੀ ਨੇ ਆਪਣਾ ਇਲਾਜ ਨਿੱਜੀ ਹਸਪਤਾਲ ਵਿੱਚ ਕਰਵਾਇਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੇ ਇਸ ਗੱਲ ਨੂੰ ਝੂਠ ਦਾ ਪੁਲੰਦਾ ਕਿਹਾ ਗਿਆ ਅਤੇ ਵਿਧਾਨ ਸਭਾ ਦੀ ਕਾਰਵਾਈ ਚੋਂ ਵਾਕਆਊਟ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਦੇ ਅੰਦਰ ਆਏ ਪਰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਲਗਾਤਾਰ ਸਦਨ ਨੂੰ ਡਿਸਟਰਬ ਕਰਨ ਕਾਰਨ ਵਿਧਾਨ ਸਭਾ ਤੋਂ ਬਾਹਰ ਕੱਢ ਦਿੱਤਾ ਗਿਆ।
ਬਾਹਰ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਅਤੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਝੂਠ ਬੋਲਦੇ ਸਨ ਜਿਸ ਨੂੰ ਅਸੀਂ ਨਹੀਂ ਸੁਣਿਆ ਤੇ ਉਸ ਦਾ ਵਿਰੋਧ ਕੀਤਾ ਪਰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਵੀ ਸਰਕਾਰੀ ਸਪੀਕਰ ਦਾ ਹੀ ਰੋਲ ਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਬਾਹਰ ਕੱਢਿਆ ਗਿਆ।